ਹਰਿਦੁਆਰ :- ਮਸ਼ਹੂਰ ਬਾਲੀਵੁੱਡ ਗਾਇਕ ਯੋ ਯੋ ਹਨੀ ਸਿੰਘ ਇਕ ਵਾਰ ਫਿਰ ਚਰਚਾ ਦੇ ਕੇਂਦਰ ਵਿੱਚ ਹਨ। ਦਿੱਲੀ ਵਿੱਚ ਹੋਏ ਇੱਕ ਮਿਊਜ਼ਿਕ ਕਨਸਰਟ ਦੌਰਾਨ ਠੰਡ ਨੂੰ ਲੈ ਕੇ ਕੀਤੀ ਗਈ ਟਿੱਪਣੀ ਕਾਰਨ ਉਨ੍ਹਾਂ ਖ਼ਿਲਾਫ਼ ਆਲੋਚਨਾ ਤੇਜ਼ ਹੋ ਗਈ। ਮਾਮਲਾ ਤੂਲ ਫੜਦਾ ਦੇਖ ਹਨੀ ਸਿੰਘ ਨੇ ਵਿਵਾਦਾਂ ਤੋਂ ਬਾਅਦ ਧਾਰਮਿਕ ਰਾਹ ਅਖਤਿਆਰ ਕਰਦਿਆਂ ਹਰਿਦੁਆਰ ਵਿੱਚ ਨੀਲੇਸ਼ਵਰ ਮਹਾਦੇਵ ਮੰਦਰ ਪਹੁੰਚ ਕੇ ਭਗਵਾਨ ਸ਼ਿਵ ਦੀ ਆਰਾਧਨਾ ਕੀਤੀ।
ਨੀਲੇਸ਼ਵਰ ਮਹਾਦੇਵ ਮੰਦਰ ’ਚ ਕੀਤੀ ਵਿਧੀਵਤ ਪੂਜਾ
ਹਰਿਦੁਆਰ ਦੌਰੇ ਦੌਰਾਨ ਹਨੀ ਸਿੰਘ ਨੇ ਰੁਦਰਾਭਿਸ਼ੇਕ ਕਰਕੇ ਮਹਾਦੇਵ ਅੱਗੇ ਅਰਦਾਸ ਕੀਤੀ। ਇਸ ਮੌਕੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿੱਥੇ ਉਹ ਪੂਰੀ ਤਰ੍ਹਾਂ ਧਾਰਮਿਕ ਮਾਹੌਲ ਵਿੱਚ ਲੀਨ ਨਜ਼ਰ ਆ ਰਹੇ ਹਨ। ਫੈਨਜ਼ ਵੱਲੋਂ ਇਸ ਦੌਰੇ ਨੂੰ ਉਨ੍ਹਾਂ ਦੀ ਆਤਮਿਕ ਸ਼ਾਂਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਵਿਵਾਦਿਤ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸਫਾਈ
ਵਿਵਾਦ ਭੜਕਣ ਮਗਰੋਂ ਹਨੀ ਸਿੰਘ ਨੇ ਇੰਸਟਾਗ੍ਰਾਮ ਰਾਹੀਂ ਇੱਕ ਵੀਡੀਓ ਜਾਰੀ ਕਰਦਿਆਂ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨੀਅਤ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਨਹੀਂ ਸੀ ਅਤੇ ਜੇ ਕਿਸੇ ਨੂੰ ਦੁੱਖ ਪਹੁੰਚਿਆ ਹੈ ਤਾਂ ਉਹ ਇਸ ਲਈ ਖੇਦ ਪ੍ਰਗਟ ਕਰਦੇ ਹਨ।
ਨੌਜਵਾਨਾਂ ਨੂੰ ਜਾਗਰੂਕ ਕਰਨ ਦਾ ਦਾਅਵਾ
ਹਨੀ ਸਿੰਘ ਨੇ ਦੱਸਿਆ ਕਿ ਉਹ ਨੌਜਵਾਨ ਵਰਗ ਨੂੰ ਸੁਰੱਖਿਅਤ ਸੈਕਸ ਅਤੇ ਸੈਕਸੁਅਲੀ ਟ੍ਰਾਂਸਮੀਟਿਡ ਬਿਮਾਰੀਆਂ ਬਾਰੇ ਜਾਗਰੂਕ ਕਰਨਾ ਚਾਹੁੰਦੇ ਸਨ। ਉਨ੍ਹਾਂ ਮੁਤਾਬਕ ਡਾਕਟਰਾਂ ਨਾਲ ਗੱਲਬਾਤ ਤੋਂ ਬਾਅਦ ਇਹ ਸੰਦੇਸ਼ ਨੌਜਵਾਨਾਂ ਦੀ ਭਾਸ਼ਾ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਕੁਝ ਲੋਕਾਂ ਵੱਲੋਂ ਗਲਤ ਅਰਥਾਂ ਵਿੱਚ ਲਿਆ ਗਿਆ।
ਵੀਡੀਓ ਨਾਲ ਛੇੜਛਾੜ ਦਾ ਲਗਾਇਆ ਦੋਸ਼
ਗਾਇਕ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਕਲਿੱਪ ਨੂੰ ਐਡਿਟ ਕਰਕੇ ਗਲਤ ਢੰਗ ਨਾਲ ਵਾਇਰਲ ਕੀਤਾ ਗਿਆ, ਜਿਸ ਕਾਰਨ ਮਾਮਲਾ ਹੋਰ ਭੜਕ ਗਿਆ। ਫਿਲਹਾਲ, ਹਨੀ ਸਿੰਘ ਦੇ ਬਿਆਨ ਅਤੇ ਧਾਰਮਿਕ ਦੌਰੇ ਤੋਂ ਬਾਅਦ ਮਾਮਲੇ ’ਤੇ ਅੱਗੇ ਕੀ ਰੁਖ ਬਣਦਾ ਹੈ, ਇਸ ’ਤੇ ਸਭ ਦੀ ਨਜ਼ਰ ਟਿਕੀ ਹੋਈ ਹੈ।

