ਉੱਤਰਕਾਸ਼ੀ :- ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ‘ਚ ਮਤਲੀ ਹੈਲੀਪੈਡ ‘ਤੇ ਘਣੇ ਬੱਦਲ ਅਤੇ ਧੁੰਦ ਕਾਰਨ ਧਰਾਲੀ ਅਤੇ ਹਰਸਿਲ ਦੇ ਆਫ਼ਤ-ਪ੍ਰਭਾਵਿਤ ਇਲਾਕਿਆਂ ਵੱਲ ਜਾਣ ਵਾਲੀਆਂ ਹਵਾਈ ਕਾਰਵਾਈਆਂ ਅਸਥਾਈ ਤੌਰ ‘ਤੇ ਰੋਕ ਦਿੱਤੀਆਂ ਗਈਆਂ ਹਨ। ਪ੍ਰਸ਼ਾਸਨ ਮੌਸਮ ਸਾਫ਼ ਹੋਣ ਦੀ ਉਡੀਕ ਕਰ ਰਿਹਾ ਹੈ ਤਾਂ ਜੋ ਬਚਾਅ ਤੇ ਸਹਾਇਤਾ ਕੰਮ ਤੇਜ਼ੀ ਨਾਲ ਜਾਰੀ ਰੱਖੇ ਜਾ ਸਕਣ।
ਬਦਰੀਨਾਥ ਹਾਈਵੇ ਮਲਬੇ ਨਾਲ ਬੰਦ
ਬਦਰੀਨਾਥ ਰਾਸ਼ਟਰੀ ਮਾਰਗ ਬਾਜਪੁਰ ਛੱਡਾ (ਕੋਟਵਾਲੀ ਚਮੋਲੀ ਖੇਤਰ) ਦੇ ਨੇੜੇ ਮਲਬਾ ਆਉਣ ਕਾਰਨ ਆਵਾਜਾਈ ਲਈ ਬੰਦ ਹੋ ਗਿਆ ਹੈ। ਸੜਕ ਖੁਲ੍ਹਣ ਤੱਕ ਗੁਜ਼ਰ ਰਹੇ ਯਾਤਰੀਆਂ ਨੂੰ ਵਿਕਲਪੀ ਰਸਤੇ ਵਰਤਣ ਦੀ ਅਪੀਲ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਦਿੱਤਾ ਰਾਹਤ ਪੈਕੇਜ ਦਾ ਭਰੋਸਾ
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦੱਸਿਆ ਕਿ ਹਾਲੀਆ ਬਾਢ਼ ਅਤੇ ਭੂ-ਸਖਲਨ ਤੋਂ ਬਾਅਦ ਧਰਾਲੀ ਤੇ ਹਰਸਿਲ ‘ਚੋਂ 1,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਚੁੱਕਾ ਹੈ, ਜਿਨ੍ਹਾਂ ਵਿੱਚ ਦੇਸ਼ ਭਰ ਤੋਂ ਆਏ ਸ਼ਰਧਾਲੂ ਵੀ ਸ਼ਾਮਲ ਹਨ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਹਰਸਿਲ ‘ਚ ਟੁੱਟੀ ਕਨੈਕਟਿਵਿਟੀ ਨੂੰ ਬਹਾਲ ਕੀਤਾ ਗਿਆ ਹੈ। ਉਨ੍ਹਾਂ ਘੋਸ਼ਣਾ ਕੀਤੀ ਕਿ ਲਾਚੀ ਗਡ਼ ਦੇ ਨੇੜੇ ਸ਼ਾਮ ਤੱਕ ਬੇਲੀ ਪੁਲ ਤਿਆਰ ਕਰ ਦਿੱਤਾ ਜਾਵੇਗਾ, ਜਿਸ ਨਾਲ ਸੜਕ ਮੁਰੰਮਤ ਕੰਮ ਤੇਜ਼ ਹੋਵੇਗਾ।
ਧਾਮੀ ਨੇ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਅਗਲੇ ਛੇ ਮਹੀਨੇ ਲਈ ਰਾਸ਼ਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਰੇਵਨਿਊ ਸਕੱਤਰ ਦੀ ਅਗਵਾਈ ਹੇਠ ਤਿੰਨ ਮੈਂਬਰੀ ਕਮੇਟੀ ਬਣਾਈ ਜਾ ਰਹੀ ਹੈ ਜੋ ਨੁਕਸਾਨ ਦੀ ਪੜਤਾਲ ਕਰਕੇ ਪੁਨਰਵਾਸ ਯੋਜਨਾ ਤਿਆਰ ਕਰੇਗੀ।
ਰਾਹਤ ਕੰਮ ‘ਚ ਸੈਨਿਕ ਦਸਤਿਆਂ ਦੀ ਭੂਮਿਕਾ
ਸਰਕਾਰੀ ਅੰਕੜਿਆਂ ਮੁਤਾਬਕ, ਭਾਰਤੀ ਫੌਜ, ਆਈ.ਟੀ.ਬੀ.ਪੀ., ਐਨ.ਡੀ.ਆਰ.ਐਫ. ਅਤੇ ਐਸ.ਡੀ.ਆਰ.ਐਫ. ਦੀ ਸਾਂਝੀ ਕਾਰਵਾਈ ‘ਚ ਅਜੇ ਤੱਕ 816 ਲੋਕਾਂ ਨੂੰ ਧਰਾਲੀ ਤੇ ਹਰਸਿਲ ‘ਚੋਂ ਬਚਾਇਆ ਗਿਆ ਹੈ। ਇਲਾਕੇ ‘ਚ ਐਮਰਜੈਂਸੀ ਲਈ 28 ਐਂਬੂਲੈਂਸਾਂ ਤੈਨਾਤ ਹਨ ਅਤੇ ਡਾਕਟਰੀ ਟੀਮਾਂ ਮਰੀਜ਼ਾਂ ਦਾ ਇਲਾਜ ਕਰ ਰਹੀਆਂ ਹਨ।