ਜਗਰਾਓਂ :- ਜਗਰਾਓਂ ਨੇੜਲੇ ਪਿੰਡ ਚੌਂਕੀਮਾਨ ਵਿਖੇ ਸਥਿਤ ਸੀ.ਟੀ. ਯੂਨੀਵਰਸਿਟੀ ਦੇ ਕੈਂਪਸ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਬੀਬੀਏ ਦੀ ਪੜ੍ਹਾਈ ਕਰ ਰਹੀ 19 ਸਾਲਾ ਵਿਦਿਆਰਥਣ ਸ਼ਬਨੂਰ ਵੱਲੋਂ ਯੂਨੀਵਰਸਿਟੀ ਦੀ ਇਮਾਰਤ ਤੋਂ ਛਾਲ ਮਾਰ ਕੇ ਖੁਦਖੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਗਰਾਓਂ ਭੇਜ ਦਿੱਤਾ ਗਿਆ ਹੈ।
ਲੁਧਿਆਣਾ ਦੀ ਰਹਿਣ ਵਾਲੀ ਸੀ ਮ੍ਰਿਤਕਾ
ਜਾਣਕਾਰੀ ਅਨੁਸਾਰ ਮ੍ਰਿਤਕਾ ਸ਼ਬਨੂਰ ਲੁਧਿਆਣਾ ਦੀ ਰਹਿਣ ਵਾਲੀ ਸੀ ਅਤੇ ਰੋਜ਼ਾਨਾ ਘਰ ਤੋਂ ਯੂਨੀਵਰਸਿਟੀ ਪੜ੍ਹਾਈ ਲਈ ਆਉਂਦੀ ਸੀ। ਪ੍ਰਾਰੰਭਿਕ ਜਾਂਚ ਦੌਰਾਨ ਹੋਰ ਵਿਦਿਆਰਥੀਆਂ ਨਾਲ ਗੱਲਬਾਤ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਆਪਣੀ ਪੜ੍ਹਾਈ ਨਿਯਮਿਤ ਤੌਰ ’ਤੇ ਕਰ ਰਹੀ ਸੀ। ਹਾਲਾਂਕਿ ਇਸ ਕਦਮ ਦੇ ਪਿੱਛੇ ਅਸਲ ਕਾਰਨ ਕੀ ਸਨ, ਇਸ ਬਾਰੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਸਕੀ।
ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਸ਼ੁਰੂ
ਮੌਕੇ ’ਤੇ ਪਹੁੰਚੇ ਡੀਐਸਪੀ ਜਸਵਿੰਦਰ ਸਿੰਘ ਢੀਂਡਸਾ ਅਤੇ ਯੂਨੀਵਰਸਿਟੀ ਪ੍ਰਬੰਧਕਾਂ ਨੇ ਕਿਹਾ ਕਿ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਪ੍ਰਬੰਧਨ ਨੇ ਵੀ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਕੀਕਤ ਜਲਦ ਸਾਹਮਣੇ ਲਿਆਂਦੀ ਜਾਵੇਗੀ।
ਹਸਪਤਾਲ ਵਿਖੇ ਮਾਹੌਲ ਗਮਗੀਨ
ਸਿਵਲ ਹਸਪਤਾਲ ਜਗਰਾਓਂ ਪਹੁੰਚੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਗਮ ਵਿੱਚ ਡੁੱਬੇ ਪਰਿਵਾਰ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਇਲਾਕੇ ਵਿੱਚ ਇਸ ਘਟਨਾ ਤੋਂ ਬਾਅਦ ਸੋਗ ਦੀ ਲਹਿਰ ਹੈ ਅਤੇ ਵਿਦਿਆਰਥੀ ਵਰਗ ਵੀ ਸਦਮੇ ਵਿੱਚ ਦਿਖਾਈ ਦਿੱਤਾ।