ਨਾਗਪੁਰ :- ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਉਹ ਮੌਜੂਦਾ ਸਮੇਂ ਵਿੱਚ ਦੇਸ਼ ਭਰ ਵਿੱਚ ਚਲ ਰਹੇ ਕੁਝ ਵਿਵਾਦਿਤ ਮਾਮਲਿਆਂ ਦਾ ਜ਼ਿਕਰ ਨਹੀਂ ਕਰਨਾ ਚਾਹੁੰਦੇ, ਪਰ ਇਹ ਸੱਚ ਹੈ ਕਿ ਅਸੀਂ ਵਿਸ਼ਵ ਪੱਧਰ ‘ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ। ਉਨ੍ਹਾਂ ਦਾ ਕਹਿਣਾ ਸੀ ਕਿ “ਦੁਨੀਆ ਝੁਕਦੀ ਹੈ, ਸਿਰਫ਼ ਕਿਸੇ ਨੂੰ ਝੁਕਾਉਣ ਦਾ ਜਜ਼ਬਾ ਅਤੇ ਸਮਰੱਥਾ ਚਾਹੀਦੀ ਹੈ।”
ਗਡਕਰੀ ਸ਼ਨੀਵਾਰ ਨੂੰ ਨਾਗਪੁਰ ਸਥਿਤ ਵਿਸ਼ਵੇਸ਼ਵਰਿਆ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (VNIT) ਵਿੱਚ ਹੋਏ ਇੱਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਭਗਤੀ ਦਾ ਸਭ ਤੋਂ ਵੱਡਾ ਰੂਪ ਇਹ ਹੋ ਸਕਦਾ ਹੈ ਕਿ ਅਸੀਂ ਆਯਾਤ ‘ਚ ਕਮੀ ਲਿਆਈਏ ਅਤੇ ਨਿਰਯਾਤ ਵਧਾਈਏ। ਇਹ ਹੀ ਰਾਹ ਹੈ ਜਿਸ ਨਾਲ ਭਾਰਤ ਵਿਸ਼ਵ ਨੇਤਾ ਦੇ ਤੌਰ ‘ਤੇ ਆਪਣਾ ਮੁਕਾਮ ਪੱਕਾ ਕਰ ਸਕਦਾ ਹੈ।
ਹਰ ਸਮੱਸਿਆ ਦਾ ਹੱਲ ਗਿਆਨ ਵਿੱਚ ਛੁਪਿਆ ਹੈ
ਕੇਂਦਰੀ ਮੰਤਰੀ ਨੇ ਸਪੱਸ਼ਟ ਕੀਤਾ ਕਿ ਵਿਸ਼ਵ ਪੱਧਰ ‘ਤੇ ਮੌਜੂਦ ਹਰੇਕ ਵੱਡੀ ਸਮੱਸਿਆ ਦਾ ਹੱਲ ਵਿਗਿਆਨ, ਤਕਨਾਲੋਜੀ ਅਤੇ ਗਿਆਨ ਵਿੱਚ ਲੁਕਿਆ ਹੈ। ਜੇਕਰ ਅਸੀਂ ਆਪਣੇ ਗਿਆਨ ਨੂੰ ਸ਼ਕਤੀ ਵਿੱਚ ਬਦਲ ਕੇ ਇਸਦੀ ਸਹੀ ਵਰਤੋਂ ਕਰੀਏ, ਤਾਂ ਸਾਨੂੰ ਕਿਸੇ ਵੀ ਦੇਸ਼ ਜਾਂ ਸ਼ਕਤੀ ਅੱਗੇ ਝੁਕਣ ਦੀ ਲੋੜ ਨਹੀਂ ਪਵੇਗੀ।
ਡੌਨਲਡ ਟ੍ਰੰਪ ਤੇ ਕੀਤੀ ਟਿੱਪਣੀ
ਇਹ ਟਿੱਪਣੀਆਂ ਗਡਕਰੀ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਭਾਰਤ ‘ਤੇ 25% ਵਾਧੂ ਟੈਰਿਫ ਲਗਾਉਣ ਦੇ ਐਲਾਨ ਤੋਂ ਕੇਵਲ ਤਿੰਨ ਦਿਨ ਬਾਅਦ ਆਈਆਂ ਹਨ। ਟਰੰਪ ਦੇ ਐਲਾਨ ਅਨੁਸਾਰ, ਇਹ ਵਾਧੂ ਟੈਰਿਫ 27 ਅਗਸਤ ਤੋਂ ਲਾਗੂ ਹੋਵੇਗਾ, ਜਿਸ ਨਾਲ ਭਾਰਤ ‘ਤੇ ਕੁੱਲ ਟੈਰਿਫ ਦਰ 50% ਹੋ ਜਾਵੇਗੀ। ਇਹ ਫੈਸਲਾ ਦੋਵੇਂ ਦੇਸ਼ਾਂ ਦੇ ਵਪਾਰਿਕ ਸੰਬੰਧਾਂ ‘ਤੇ ਮਹੱਤਵਪੂਰਨ ਅਸਰ ਪਾ ਸਕਦਾ ਹੈ।