ਜਮੂੰ :- ਦੇਸ਼ ਵਿੱਚ ਵੱਡੇ ਅੱਤਵਾਦੀ ਹਮਲੇ ਦੀ ਤਿਆਰੀ ਦਾ ਖੁਲਾਸਾ ਹੋਇਆ ਹੈ। ਜੰਮੂ-ਕਸ਼ਮੀਰ ਪੁਲਸ ਨੇ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਵਿੱਚ ਛਾਪਾਮਾਰੀ ਦੌਰਾਨ ਇੱਕ ਕਸ਼ਮੀਰੀ ਡਾਕਟਰ ਮੁਜਾਹਿਲ ਸ਼ਕੀਲ ਨੂੰ ਹਿਰਾਸਤ ਵਿੱਚ ਲਿਆ। ਸ਼ਕੀਲ ਦੀ ਨਿਸ਼ਾਨਦੇਹੀ ‘ਤੇ ਪੁਲਸ ਨੇ ਭਾਰੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ।
ਆਰਡੀਐਕਸ, ਏਕੇ-47 ਅਤੇ ਕਾਰਤੂਸ ਮਿਲੇ
ਜਾਣਕਾਰੀ ਅਨੁਸਾਰ, ਡਾਕਟਰ ਦੀ ਸੁਚਨਾ ‘ਤੇ ਜੰਮੂ-ਕਸ਼ਮੀਰ ਪੁਲਸ ਨੇ 300 ਕਿਲੋਗ੍ਰਾਮ ਆਰਡੀਐਕਸ, ਇੱਕ ਏਕੇ-47 ਰਾਈਫਲ ਅਤੇ 84 ਜ਼ਿੰਦਾ ਕਾਰਤੂਸ ਕਬਜ਼ੇ ਵਿੱਚ ਲਏ ਹਨ। ਇਹ ਬਰਾਮਦਗੀ ਪੁਲਸ ਲਈ ਵੱਡੀ ਸਫ਼ਲਤਾ ਮੰਨੀ ਜਾ ਰਹੀ ਹੈ, ਕਿਉਂਕਿ ਇਸ ਨਾਲ ਸੰਭਾਵਿਤ ਬੜੇ ਧਮਾਕੇ ਨੂੰ ਰੋਕਿਆ ਗਿਆ।
ਗੁਜਰਾਤ ਏਟੀਐਸ ਨੇ ਵੀ ਕੀਤੀ ਵੱਡੀ ਕਾਰਵਾਈ
ਇਸ ਮਾਮਲੇ ਨਾਲ ਜੁੜੀ ਕੜੀ ਗੁਜਰਾਤ ਤੱਕ ਜਾ ਪਹੁੰਚੀ ਹੈ। ਗੁਜਰਾਤ ਏਟੀਐਸ ਨੇ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ‘ਤੇ ਜ਼ਹਿਰ ਨਾਲ ਹਮਲਾ ਕਰਨ ਦੀ ਯੋਜਨਾ ਬਣਾਉਣ ਦਾ ਦੋਸ਼ ਹੈ। ਪੁਲਸ ਅਧਿਕਾਰੀਆਂ ਅਨੁਸਾਰ ਇਹ ਗਰੁੱਪ ਵੱਖ-ਵੱਖ ਰਾਜਾਂ ਵਿੱਚ ਇੱਕਠੇ ਹੋ ਕੇ ਹਮਲੇ ਦੀ ਤਿਆਰੀ ਕਰ ਰਿਹਾ ਸੀ।
ਜਾਂਚ ਏਜੰਸੀਆਂ ਨੇ ਵਧਾਈ ਸਾਵਧਾਨੀ
ਇਸ ਸਾਰੀ ਘਟਨਾ ਤੋਂ ਬਾਅਦ ਜੰਮੂ-ਕਸ਼ਮੀਰ ਪੁਲਸ, ਗੁਜਰਾਤ ਏਟੀਐਸ ਅਤੇ ਕੇਂਦਰੀ ਏਜੰਸੀਆਂ ਨੇ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਪਿੱਛੇ ਇੱਕ ਅੰਤਰਰਾਸ਼ਟਰੀ ਜਾਲ ਹੋ ਸਕਦਾ ਹੈ ਜੋ ਦੇਸ਼ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਸੁਰੱਖਿਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ
ਸੰਭਾਵਿਤ ਖ਼ਤਰੇ ਨੂੰ ਦੇਖਦਿਆਂ ਸੁਰੱਖਿਆ ਏਜੰਸੀਆਂ ਨੇ ਸਰਹੱਦੀ ਰਾਜਾਂ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ। ਪੁਲਸ ਵੱਲੋਂ ਕਈ ਥਾਵਾਂ ‘ਤੇ ਛਾਪੇ ਮਾਰੇ ਜਾ ਰਹੇ ਹਨ ਅਤੇ ਹੋਰ ਲੋਕਾਂ ਦੀ ਭਾਲ ਜਾਰੀ ਹੈ ਜੋ ਇਸ ਸਾਜ਼ਿਸ਼ ਨਾਲ ਜੁੜੇ ਹੋ ਸਕਦੇ ਹਨ।
ਇਸ ਕਾਰਵਾਈ ਨਾਲ ਸੁਰੱਖਿਆ ਏਜੰਸੀਆਂ ਨੇ ਇੱਕ ਵੱਡੇ ਅੱਤਵਾਦੀ ਮਕਸਦ ਨੂੰ ਨਾਕਾਮ ਕੀਤਾ ਹੈ ਅਤੇ ਦੇਸ਼ ਨੂੰ ਸੰਭਾਵਿਤ ਤਬਾਹੀ ਤੋਂ ਬਚਾ ਲਿਆ ਹੈ।

