ਮੇਰਠ :- ਮੇਰਠ ਦੇ ਲੋਹੀਆ ਨਗਰ ਦੀ ਗਲੀ ਨੰਬਰ 14 ਸਥਿਤ ਆਸ਼ਿਆਨਾ ਕਾਲੋਨੀ ਵਿਚ ਅੱਜ ਸਵੇਰੇ ਤੜਕੇ ਦਹਿਸ਼ਤਨਾਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ। ਇਹ ਅੱਗ ਕਿਦਵਈ ਨਗਰ ਦੇ ਰਹਿਣ ਵਾਲੇ ਦੋ ਭਰਾਵਾਂ ਰਿਆਜ਼ ਅੰਸਾਰੀ ਅਤੇ ਇਕਰਾਮੂਦੀਨ ਦੀ ਏ-3 ਕ੍ਰਿਏਸ਼ਨ ਫੈਕਟਰੀ ਵਿਚ ਲੱਗੀ।
ਸਿਲੰਡਰ ਫਟਣ ਨਾਲ ਅੱਗ ਨੇ ਧਾਰਿਆ ਭਿਆਨਕ ਰੂਪ
ਅੱਗ ਲੱਗਣ ਤੋਂ ਕੁਝ ਹੀ ਸਮੇਂ ਬਾਅਦ ਫੈਕਟਰੀ ਵਿਚ ਰੱਖੇ ਗੈਸ ਸਿਲੰਡਰ ਇੱਕ-ਇੱਕ ਕਰਕੇ ਫਟਣ ਲੱਗ ਪਏ, ਜਿਸ ਨਾਲ ਅੱਗ ਨੇ ਹੋਰ ਵੀ ਤੀਵ੍ਰ ਰੂਪ ਧਾਰ ਲਿਆ। ਚਿੰਗਾਰੀਆਂ ਨੇੜੇ ਮੌਜੂਦ ਬਿਨ ਯਾਮੀਨ ਦੀ ਪਾਵਰਲੂਮ ਫੈਕਟਰੀ ਤੱਕ ਵੀ ਪਹੁੰਚ ਗਈਆਂ, ਜਿਸ ਨਾਲ ਉਥੇ ਵੀ ਅੱਗ ਭੜਕ ਉੱਠੀ।
ਦੋ ਠੇਕੇਦਾਰ ਅੱਗ ਦੀ ਲਪੇਟ ‘ਚ, ਮਜ਼ਦੂਰਾਂ ਵਿਚ ਭਾਜੜ
ਮਿਲੀ ਜਾਣਕਾਰੀ ਮੁਤਾਬਕ, ਇਸ ਘਟਨਾ ਦੌਰਾਨ ਫੈਕਟਰੀ ਦੇ ਠੇਕੇਦਾਰ ਗੋਵਿੰਦ ਅਤੇ ਅਜ਼ਹਰੂਦੀਨ ਅੱਗ ਦੀ ਲਪੇਟ ਵਿਚ ਆ ਗਏ। ਅਚਾਨਕ ਭਿਆਨਕ ਅੱਗ ਦੇਖ ਕੇ ਫੈਕਟਰੀ ਵਿਚ ਮੌਜੂਦ ਮਜ਼ਦੂਰਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਹਰ ਕੋਈ ਆਪਣੀ ਜਾਨ ਬਚਾਉਣ ਲਈ ਭੱਜ ਪਿਆ।
ਪੁਲਸ ਤੇ ਫਾਇਰ ਬ੍ਰਿਗੇਡ ਨੇ ਮੋਰਚਾ ਸੰਭਾਲਿਆ
ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਰਾਹਤ ਕਾਰਜ ਤੁਰੰਤ ਸ਼ੁਰੂ ਕਰਦੇ ਹੋਏ ਅੱਗ ‘ਤੇ ਕਾਬੂ ਪਾਉਣ ਲਈ ਲੰਬੀ ਮਿਹਨਤ ਕੀਤੀ ਗਈ। ਫਿਲਹਾਲ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਪਰ ਦੋਵੇਂ ਫੈਕਟਰੀਆਂ ਪੂਰੀ ਤਰ੍ਹਾਂ ਸੁਆਹ ਹੋ ਚੁੱਕੀਆਂ ਹਨ।
ਹੀਟਰ ਤੋਂ ਸ਼ੁਰੂ ਹੋਈ ਸੀ ਅੱਗ
ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਅੱਗ ਦੀ ਸ਼ੁਰੂਆਤ ਕੱਪੜੇ ਸੁਕਾਉਣ ਲਈ ਰੱਖੇ ਹੀਟਰ ਤੋਂ ਹੋਈ, ਜੋ ਕਿ ਗੈਸ ਸਿਲੰਡਰ ਨਾਲ ਚਲਾਇਆ ਜਾ ਰਿਹਾ ਸੀ। ਹੀਟਰ ਦੇ ਨੇੜੇ ਪਏ ਕੱਪੜਿਆਂ ਨੇ ਅੱਗ ਫੜ ਲਈ ਤੇ ਕੁਝ ਹੀ ਮਿੰਟਾਂ ਵਿਚ ਪੂਰੀ ਫੈਕਟਰੀ ਲਪੇਟ ਵਿਚ ਆ ਗਈ।
ਕਰੋੜਾਂ ਦਾ ਨੁਕਸਾਨ, ਇਲਾਕੇ ਵਿਚ ਦਹਿਸ਼ਤ
ਇਸ ਅੱਗ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕਿਆਂ ਦੀ ਆਵਾਜ਼ ਦੂਰ-ਦੂਰ ਤੱਕ ਸੁਣੀ ਗਈ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਪੈਦਾ ਹੋ ਗਈ। ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।