ਉੱਤਰ ਪ੍ਰਦੇਸ਼ :- ਫਤਿਹਪੁਰ ਜ਼ਿਲ੍ਹੇ ‘ਚ ਦੀਵਾਲੀ ਤੋਂ ਇਕ ਦਿਨ ਪਹਿਲਾਂ ਸ਼ਾਂਤੀਨਗਰ ਥਿਤ ਐਮ.ਜੀ. ਕਾਲਜ ਕੰਪਲੈਕਸ ਵਿੱਚ ਬਣਾਈ ਗਈ ਅਸਥਾਈ ਪਟਾਕਾ ਮਾਰਕੀਟ ਵਿੱਚ ਐਤਵਾਰ ਦੁਪਹਿਰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਦੇ ਹੀ ਚਾਰੇ ਪਾਸੇ ਲਗਾਤਾਰ ਧਮਾਕੇ ਹੁੰਦੇ ਰਹੇ, ਜਿਸ ਨਾਲ ਇਲਾਕੇ ਵਿੱਚ ਭਾਰੀ ਦਹਿਸ਼ਤ ਪੈਦਾ ਹੋ ਗਈ।
ਕਈ ਮੀਲ ਦੂਰ ਤੱਕ ਦਿਖਿਆ ਧੂੰਏਂ ਦਾ ਗੁਬਾਰ
ਚਸ਼ਮਦੀਦਾਂ ਦੇ ਅਨੁਸਾਰ ਕਰੀਬ ਦੁਪਹਿਰ 12 ਵਜੇ ਇੱਕ ਦੁਕਾਨ ਵਿਚੋਂ ਅੱਗ ਦੀਆਂ ਲਪਟਾਂ ਉੱਠਣੀਆਂ ਸ਼ੁਰੂ ਹੋਈਆਂ, ਜੋ ਕੁਝ ਹੀ ਮਿੰਟਾਂ ਵਿੱਚ ਕਈ ਹੋਰ ਦੁਕਾਨਾਂ ਤੱਕ ਫੈਲ ਗਈਆਂ। ਅੱਗ ਇੰਨੀ ਭਿਆਨਕ ਸੀ ਕਿ ਧੂੰਏਂ ਦੇ ਵੱਡੇ ਗੁੱਬਾਰੇ ਕਾਲਜ ਕੰਪਲੈਕਸ ਤੋਂ ਕਿਲੋਮੀਟਰਾਂ ਦੂਰ ਤੱਕ ਸਪਸ਼ਟ ਦਿੱਖ ਰਹੇ ਸਨ। ਕਰੀਬ ਇਕ ਘੰਟੇ ਤੱਕ ਧਮਾਕਿਆਂ ਦੀ ਗੂੰਜ ਜਾਰੀ ਰਹੀ, ਜਿਸ ਕਰਕੇ ਕੁਝ ਦੁਕਾਨਾਂ ਪੂਰੀ ਤਰ੍ਹਾਂ ਢਹਿ ਗਈਆਂ।
ਤਿੰਨ ਲੋਕ ਗੰਭੀਰ ਜ਼ਖਮੀ, ਸੈਂਕੜੇ ਦੁਕਾਨਾਂ ਸੁਆਹ
ਇਸ ਹਾਦਸੇ ਵਿੱਚ ਤਿੰਨ ਲੋਕ ਗੰਭੀਰ ਤੌਰ ‘ਤੇ ਝੁਲਸ ਗਏ ਹਨ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਹਾਲਾਤਾਂ ਦੇ ਮੱਦੇਨਜ਼ਰ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਸੈਂਕੜੇ ਦੁਕਾਨਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀਆਂ ਹਨ, ਜਦੋਂ ਕਿ ਆਲੇ ਦੁਆਲੇ ਦੀਆਂ ਇਮਾਰਤਾਂ ਨੂੰ ਵੀ ਹਾਨੀ ਪਹੁੰਚੀ ਹੈ। ਭਾਰੀ ਵਿੱਤੀ ਨੁਕਸਾਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਫਾਇਰ ਬ੍ਰਿਗੇਡ ਦੀਆਂ ਦਰਜਨ ਵਾਹਨਾਂ ਨਾਲ ਜੰਗੀ ਪੱਧਰ ‘ਤੇ ਕਾਬੂ ਪਾਉਣ ਦੀ ਕੋਸ਼ਿਸ਼
ਘਟਨਾ ਦੀ ਸੂਚਨਾ ਮਿਲਣ ਉਪਰੰਤ ਦਮਕਲ ਵਿਭਾਗ ਦੀਆਂ ਲਗਭਗ ਦਰਜਨ ਗੱਡੀਆਂ ਮੌਕੇ ‘ਤੇ ਦੌੜਾਈਆਂ ਗਈਆਂ। ਜ਼ਿਲ੍ਹਾ ਪ੍ਰਸ਼ਾਸਨ, ਡੀ.ਐਮ. ਅਤੇ ਐਸ.ਪੀ. ਸਮੇਤ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਰਾਹਤ-ਬਚਾਅ ਕਾਰਜਾਂ ਦੀ ਮੋਨੀਟਰੀੰਗ ਕੀਤੀ। ਆਸਪਾਸ ਦੀਆਂ ਇਮਾਰਤਾਂ ਨੂੰ ਵੀ ਸਾਵਧਾਨੀ ਵਜੋਂ ਖਾਲੀ ਕਰਵਾ ਲਿਆ ਗਿਆ।
ਲੰਬੀ ਜੱਦੋਜੇਹਦ ਤੋਂ ਬਾਅਦ ਅੱਗ ‘ਤੇ ਕਾਬੂ
ਫਾਇਰ ਟੀਮ ਦੀ ਲਗਾਤਾਰ ਕੁਸ਼ਿਸ਼ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ, ਹਾਲਾਂਕਿ ਇਲਾਕੇ ਵਿੱਚ ਹਜੇ ਵੀ ਖੌਫ਼ ਅਤੇ ਬੇਚੈਨੀ ਦਾ ਮਾਹੌਲ ਬਰਕਰਾਰ ਹੈ। ਅੱਗ ਲੱਗਣ ਦੇ ਅਸਲੀ ਕਾਰਨਾਂ ਦੀ ਜਾਂਚ ਜਾਰੀ ਹੈ।