ਤਾਮਿਲਨਾਡੂ:- ਦਿੱਲੀ ਵਿੱਚ ਕਾਰ ਧਮਾਕੇ ਤੋਂ ਬਾਅਦ ਹੁਣ ਤਾਮਿਲਨਾਡੂ ਤੋਂ ਵੀ ਇਕ ਹੋਰ ਭਿਆਨਕ ਧਮਾਕੇ ਦੀ ਖ਼ਬਰ ਆਈ ਹੈ। ਅਰਿਆਲੁਰ ਜ਼ਿਲ੍ਹੇ ਦੇ ਵਾਰਨਵਾਸੀ ਖੇਤਰ ਵਿੱਚ ਐਲਪੀਜੀ ਸਿਲੰਡਰਾਂ ਨਾਲ ਭਰਿਆ ਇਕ ਟਰੱਕ ਅਚਾਨਕ ਸੜਕ ’ਤੇ ਪਲਟ ਗਿਆ, ਜਿਸ ਕਾਰਨ ਇੱਕ ਤੋਂ ਬਾਅਦ ਇੱਕ ਸਿਲੰਡਰ ਫਟਣ ਸ਼ੁਰੂ ਹੋ ਗਏ। ਧਮਾਕਿਆਂ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਇਲਾਕੇ ਦੀ ਧਰਤੀ ਕੰਬ ਗਈ ਅਤੇ ਦੂਰ ਤੱਕ ਧੂੰਏਂ ਦੇ ਗੁੱਛੇ ਆਸਮਾਨ ਵਿੱਚ ਚੜ੍ਹ ਗਏ।
ਸਿਲੰਡਰਾਂ ਦੇ ਧਮਾਕਿਆਂ ਨਾਲ ਮਚੀ ਹੜਕੰਪ, ਟਰੱਕ ਸੜ ਕੇ ਖ਼ਾਕ
ਟਰੱਕ ਪਲਟਣ ਦੇ ਤੁਰੰਤ ਬਾਅਦ, ਸਿਲੰਡਰਾਂ ਵਿੱਚ ਅੱਗ ਲੱਗ ਗਈ ਅਤੇ ਇਕ-ਇਕ ਕਰਕੇ ਕਈ ਧਮਾਕੇ ਹੋਏ। ਮੌਕੇ ’ਤੇ ਖੜ੍ਹੇ ਲੋਕਾਂ ਅਨੁਸਾਰ, ਧਮਾਕਿਆਂ ਦੀ ਆਵਾਜ਼ ਦੋ ਕਿਲੋਮੀਟਰ ਤੱਕ ਸੁਣੀ ਗਈ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕੁਝ ਸਿਲੰਡਰ ਧਮਾਕੇ ਨਾਲ ਸੜਕ ਤੋਂ ਦੂਰ ਤੱਕ ਉਛਲ ਗਏ। ਟਰੱਕ ਕੁਝ ਮਿੰਟਾਂ ਵਿੱਚ ਹੀ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਿਆ।
ਡਰਾਈਵਰ ਨੇ ਛਾਲ ਮਾਰ ਕੇ ਬਚਾਈ ਜਾਨ
ਹਾਦਸੇ ਦੌਰਾਨ ਟਰੱਕ ਚਾਲਕ ਕਨਗਰਾਜ (ਉਮਰ 35 ਸਾਲ) ਨੇ ਸਿਲੰਡਰਾਂ ਦੇ ਫਟਣ ਤੋਂ ਥੋੜ੍ਹਾ ਪਹਿਲਾਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਅਤੇ ਉਸਨੂੰ ਤੁਰੰਤ ਅਰਿਆਲੁਰ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਦਸੇ ਮਗਰੋਂ ਫ਼ਾਇਰ ਬ੍ਰਿਗੇਡ ਦੀਆਂ ਕਈ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਉਣ ਵਿੱਚ ਕਈ ਘੰਟੇ ਲੱਗੇ।
ਪ੍ਰਸ਼ਾਸਨ ਨੇ ਕੀਤਾ ਇਲਾਕਾ ਖਾਲੀ, ਜਾਂਚ ਸ਼ੁਰੂ
ਸਥਾਨਕ ਪ੍ਰਸ਼ਾਸਨ ਵੱਲੋਂ ਤੁਰੰਤ ਇਲਾਕਾ ਖਾਲੀ ਕਰਵਾਇਆ ਗਿਆ ਤੇ ਨੇੜਲੇ ਘਰਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਪੁਲਿਸ ਵੱਲੋਂ ਹਾਦਸੇ ਦੀ ਪ੍ਰਾਰੰਭਿਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਟਰੱਕ ਦੇ ਬਰੇਕ ਫੇਲ ਹੋਣ ਜਾਂ ਬੇਹਦ ਤੇਜ਼ ਰਫ਼ਤਾਰ ਕਾਰਨ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਸੀ।

