ਰਾਜਸਥਾਨ :- ਰਾਜਸਥਾਨ ਦੇ ਹਨੁਮਾਨਗੜ੍ਹ ਜ਼ਿਲ੍ਹੇ ’ਚ ਬਣ ਰਹੀ ਐਥਨਾਲ ਫੈਕਟਰੀ ਖ਼ਿਲਾਫ਼ ਕਿਸਾਨਾਂ ਦਾ ਰੋਸ ਨੇ ਹਿੰਸਕ ਰੂਪ ਧਾਰ ਲਿਆ। ਗੁੱਸੇ ਵਿੱਚ ਆਏ ਕਿਸਾਨਾਂ ਨੇ ਫੈਕਟਰੀ ਦੀ ਬਣ ਰਹੀ ਕੰਧ ਨੂੰ ਢਾਹ ਦਿੱਤਾ ਅਤੇ ਕਈ ਪੁਲਿਸ ਵਾਹਨਾਂ ਵਿੱਚ ਤੋੜਫੋੜ ਕੀਤੀ। ਹਾਲਾਤ ਬੇਕਾਬੂ ਹੁੰਦੇ ਵੇਖ ਪੁਲਿਸ ਨੂੰ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਟਕਰਾਅ ਵਿੱਚ 50 ਤੋਂ ਵੱਧ ਕਿਸਾਨਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
15 ਮਹੀਨਿਆਂ ਤੋਂ ਚੱਲ ਰਿਹਾ ਵਿਰੋਧ, ਲੋਕਾਂ ਦੇ ਵਧਦੇ ਸੰਦੇਹ
ਟਰਾਠੀਖੇੜਾ ਇਲਾਕੇ ਵਿੱਚ 450 ਕਰੋੜ ਰੁਪਏ ਦੀ ਲਾਗਤ ਨਾਲ ਲੱਗ ਰਹੀ ਐਥਨਾਲ ਫੈਕਟਰੀ ਦਾ ਕਿਸਾਨ ਪਿਛਲੇ ਡੇਢ ਸਾਲ ਤੋਂ ਵਿਰੋਧ ਕਰ ਰਹੇ ਹਨ। ਕਿਸਾਨਾਂ ਦਾ ਦੋਸ਼ ਹੈ ਕਿ ਇਹ ਪਲਾਂਟ ਇਲਾਕੇ ਦੀ ਹਵਾ ਤੇ ਪਾਣੀ ਦੋਵੇਂ ਨੂੰ ਪ੍ਰਭਾਵਿਤ ਕਰੇਗਾ, ਫਸਲਾਂ ਉੱਪਰ ਮੰਦ ਪ੍ਰਭਾਵ ਪਵੇਗਾ ਅਤੇ ਭੂਜਲ ਪੱਧਰ ਹੋਰ ਥੱਲੇ ਜਾ ਸਕਦਾ ਹੈ।
ਹਨੁਮਾਨਗੜ੍ਹ ਦੇ ਐਸਪੀ ਹਰੀਸ਼ੰਕਰ ਨੇ ਕਿਹਾ ਕਿ ਹਿੰਸਾ ਦੌਰਾਨ ਕੁਝ ਪੁਲਿਸ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ ਅਤੇ ਕਈ ਸ਼ਰਾਰਤੀ ਤੱਤਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਨੂੰਨ-ਵਿਵਸਥਾ ਬਿਗਾੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਨਿਸ਼ਚਿਤ ਹੈ।
ਇੰਟਰਨੈੱਟ ਸੇਵਾਵਾਂ ਬੰਦ, ਸੜਕਾਂ ਬਲਾਕ, ਕਸਬਾ ਛਾਵਨੀ ਬਣਿਆ
ਹਾਲਾਤ ਤਣਾਅਪੂਰਨ ਹੁੰਦੇ ਹੀ ਪ੍ਰਸ਼ਾਸਨ ਨੇ ਟਿਬ્બੀ ਕਸਬੇ ਨੂੰ ਭਾਰੀ ਸੁਰੱਖਿਆ ਘੇਰੇ ਵਿੱਚ ਲਿਆ। ਸਵੇਰੇ ਤੋਂ ਹੀ ਕਸਬੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਅਤੇ ਅੰਦਰੁਨੀ ਤੇ ਬਾਹਰਲੇ ਸਾਰੇ ਰਾਹ ਸੀਲ ਕਰ ਦਿੱਤੇ ਗਏ। ਅਫਵਾਹਾਂ ਨੂੰ ਰੋਕਣ ਅਤੇ ਭੀੜ ਨੂੰ ਕੰਟਰੋਲ ਕਰਨ ਲਈ ਇੰਟਰਨੈੱਟ ਸੇਵਾਵਾਂ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ ਹਨ। ਵਪਾਰੀਆਂ ਤੇ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਹਾਪੰਚਾਇਤ ਤੋਂ ਬਾਅਦ ਰੋਸ ਹੋਇਆ ਹੋਰ ਤੇਜ
‘ਫੈਕਟਰੀ ਹਟਾਓ, ਇਲਾਕਾ ਬਚਾਓ’ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਚੱਲ ਰਿਹਾ ਸੰਘਰਸ਼ ਬੁੱਧਵਾਰ ਨੂੰ ਮਹਾਪੰਚਾਇਤ ਤੋਂ ਬਾਅਦ ਹੋਰ ਤੇਜ਼ ਹੋ ਗਿਆ। ਵੱਡੀ ਗਿਣਤੀ ਵਿੱਚ ਇਕੱਠ ਹੋਏ ਕਿਸਾਨਾਂ ਨੇ ਫੈਕਟਰੀ ਦੀ ਚਾਰਦੀਵਾਰੀ ਢਾਹੁਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਹਾਲਾਤ ਖਰਾਬ ਹੋ ਗਏ। ਪ੍ਰਸ਼ਾਸਨ ਨੇ ਪੰਚਾਇਤ ਸਥਾਨ ਉੱਪਰ ਬੈਰੀਕੇਡਿੰਗ ਕਰ ਦਿੱਤੀ ਹੈ ਅਤੇ ਰੈਪਿਡ ਐਕਸ਼ਨ ਫੋਰਸ ਸਮੇਤ ਵਾਧੂ ਪੁਲਿਸ ਵੀ ਤਾਇਨਾਤ ਕਰ ਦਿੱਤੀ ਗਈ ਹੈ।
ਕਿਸਾਨਾਂ ਦੀ ਨਾਰਾਜ਼ਗੀ ਤੇ ਪ੍ਰਸ਼ਾਸਨ ਦੀ ਦਲੀਲ
ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰ ਰਹੇ ਸਨ, ਪਰ ਇੰਟਰਨੈੱਟ ਬੰਦ ਕਰਨਾ ਲੋਕਾਂ ਲਈ ਪਰੇਸ਼ਾਨੀ ਬਣ ਗਿਆ ਹੈ। ਦੂਜੇ ਪਾਸੇ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ’ਤੇ ਅਫਵਾਹਾਂ ਫੈਲ ਕੇ ਹਾਲਾਤ ਹੋਰ ਵਿਗੜ ਸਕਦੇ ਹਨ, ਇਸ ਲਈ ਇਹ ਫ਼ੈਸਲਾ ਲੈਣਾ ਲਾਜ਼ਮੀ ਸੀ।
ਅਗਲੇ ਕਦਮਾਂ ਉੱਤੇ ਸਭ ਦੀ ਨਿਗਾਹ
ਅੱਜ ਸਵੇਰੇ 11 ਵਜੇ ਇੱਕ ਹੋਰ ਮਹਾਪੰਚਾਇਤ ਬੁਲਾਈ ਗਈ ਹੈ ਜਿਸ ਵਿੱਚ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਪ੍ਰਸ਼ਾਸਨ ਵੀ ਚੌਕੰਨਾ ਹੈ ਅਤੇ ਹਰ ਹਲਚਲ ਉੱਤੇ ਨਿਗਾਹ ਰੱਖ ਰਿਹਾ ਹੈ।

