ਨਵੀਂ ਦਿੱਲੀ :- ਭਾਰਤ ਨੂੰ ਅੰਤਰਰਾਸ਼ਟਰੀ ਸਿੱਖਿਆ ਕੇਂਦਰ ਵਜੋਂ ਸਥਾਪਿਤ ਕਰਨ ਦੇ ਉਦੇਸ਼ ਨਾਲ ਕੇਂਦਰ ਸਰਕਾਰ ਨੇ ਵੱਡਾ ਟੀਚਾ ਨਿਰਧਾਰਤ ਕੀਤਾ ਹੈ। ਸਿੱਖਿਆ ਮੰਤਰਾਲੇ ਦੇ ਉੱਚ ਅਧਿਕਾਰੀਆਂ ਅਨੁਸਾਰ ਸਾਲ 2030 ਤੱਕ ਹਰ ਸਾਲ ਭਾਰਤ ਵਿੱਚ ਦਾਖਲਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 2 ਲੱਖ ਤੱਕ ਪਹੁੰਚਾਉਣ ਦੀ ਯੋਜਨਾ ਹੈ। ਇਸ ਵੇਲੇ ਹਰ ਸਾਲ ਕਰੀਬ 50 ਹਜ਼ਾਰ ਵਿਦਿਆਰਥੀ ਵਿਦੇਸ਼ਾਂ ਤੋਂ ਪੜ੍ਹਾਈ ਲਈ ਆ ਰਹੇ ਹਨ, ਜਦਕਿ ਹਾਲੀਆ ਸਰਕਾਰੀ ਅੰਕੜਿਆਂ ਮੁਤਾਬਕ ਲਗਭਗ 200 ਦੇਸ਼ਾਂ ਦੇ 72 ਹਜ਼ਾਰ ਤੋਂ ਵੱਧ ਵਿਦਿਆਰਥੀ ਭਾਰਤ ਦੀਆਂ ਵੱਖ-ਵੱਖ ਸੰਸਥਾਵਾਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ‘ਸਟੱਡੀ ਇਨ ਇੰਡੀਆ’ ਪਹਿਲਕਦਮੀ ਨੂੰ ਪਿਛਲੇ ਕੁਝ ਮਹੀਨਿਆਂ ਦੌਰਾਨ ਖਾਸ ਤੌਰ ‘ਤੇ ਗਤੀਸ਼ੀਲ ਬਣਾਇਆ ਗਿਆ ਹੈ।
ਯੂਨੀਵਰਸਿਟੀਆਂ ਵਿੱਚ ਢਾਂਚਾਗਤ ਸੁਧਾਰਾਂ ‘ਤੇ ਧਿਆਨ
ਇਸ ਲਕਸ਼ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਵੱਖ-ਵੱਖ ਕੇਂਦਰੀ ਅਤੇ ਰਾਜ ਯੂਨੀਵਰਸਿਟੀਆਂ ਨਾਲ ਸੰਪਰਕ ਵਿੱਚ ਹੈ। ਦਿੱਲੀ ਯੂਨੀਵਰਸਿਟੀ ਸਮੇਤ ਹੋਰ ਪ੍ਰਮੁੱਖ ਅਦਾਰਿਆਂ ਨਾਲ ਮੀਟਿੰਗਾਂ ਕਰਕੇ ਹੋਸਟਲਾਂ, ਅਕਾਦਮਿਕ ਸਹੂਲਤਾਂ ਅਤੇ ਵਿਦਿਆਰਥੀ ਸਹਾਇਤਾ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਹਾਲ ਹੀ ਵਿੱਚ ਰਾਜਾਂ ਦੇ ਮੁੱਖ ਸਕੱਤਰਾਂ ਨਾਲ ਹੋਈ ਬੈਠਕ ਵਿੱਚ ਵੀ ਇਸ ਮਸਲੇ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ, ਕਿਉਂਕਿ ਰਾਜ ਪੱਧਰੀ ਯੂਨੀਵਰਸਿਟੀਆਂ ਵੀ ਇਸ ਮੁਹਿੰਮ ਦਾ ਅਹਿਮ ਹਿੱਸਾ ਹੋਣਗੀਆਂ।
ਵਿਦੇਸ਼ੀ ਯੂਨੀਵਰਸਿਟੀਆਂ ਨਾਲ ਸਾਂਝੇਦਾਰੀ ਵਧਾਉਣ ਦੀ ਯੋਜਨਾ
ਸਰਕਾਰ ਦੀ ਰਣਨੀਤੀ ਅਨੁਸਾਰ ਭਾਰਤ ਵਿੱਚ ਕੈਂਪਸ ਖੋਲ੍ਹਣ ਵਾਲੀਆਂ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਆਜ਼ਾਦੀ ਮਿਲੇਗੀ। ਸਿੱਖਿਆ ਰਾਜ ਮੰਤਰੀ ਸੁਕਾਂਤਾ ਮਜੂਮਦਾਰ ਨੇ ਸੰਕੇਤ ਦਿੱਤਾ ਹੈ ਕਿ ਵਿਦੇਸ਼ੀ ਸੰਸਥਾਵਾਂ ਨਾਲ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਈ ਪੱਧਰਾਂ ‘ਤੇ ਕਦਮ ਚੁੱਕੇ ਜਾ ਰਹੇ ਹਨ। ‘ਸਟੱਡੀ ਇਨ ਇੰਡੀਆ’ ਦੀ ਟੀਮ ਵੱਖ-ਵੱਖ ਦੇਸ਼ਾਂ ਦਾ ਦੌਰਾ ਕਰਕੇ ਭਾਰਤੀ ਸਿੱਖਿਆ ਪ੍ਰਣਾਲੀ ਦੀਆਂ ਖੂਬੀਆਂ ਉਭਾਰੇਗੀ, ਤਾਂ ਜੋ ਵੱਧ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਭਾਰਤ ਵੱਲ ਆਕਰਸ਼ਿਤ ਹੋਣ।

