ਤਮਿਲਨਾਡੂ :- ਤਮਿਲਨਾਡੂ ਦੇ ਕਰੂਰ ਵਿੱਚ ਅਦਾਕਾਰ ਤੇ ਟੀਵੀਕੇ ਮੁਖੀ ਵਿਜੇ ਥਲਾਪਤੀ ਦੀ ਰੈਲੀ ਦੌਰਾਨ ਭਗਦੜ ਨੇ ਕਹਿਰ ਢਾਹ ਦਿੱਤਾ। ਇਸ ਦਰਦਨਾਕ ਹਾਦਸੇ ਵਿੱਚ 36 ਲੋਕਾਂ ਦੀ ਜਾਨ ਚਲੀ ਗਈ, ਜਿਨ੍ਹਾਂ ਵਿੱਚ 8 ਬੱਚੇ ਅਤੇ 16 ਔਰਤਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 70 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਵਿੱਚ ਜਾਰੀ ਹੈ।
ਵਿਜੇ ਨੇ ਕਿਹਾ – “ਦਿਲ ਟੁੱਟ ਗਿਆ ਹੈ”
ਦੁਰਘਟਨਾ ‘ਤੇ ਆਪਣੀ ਪਹਿਲੀ ਪ੍ਰਤੀਕ੍ਰਿਆ ਦਿੰਦਿਆਂ ਵਿਜੇ ਨੇ ਕਿਹਾ ਕਿ ਉਹ ਇਸ ਘਟਨਾ ਨਾਲ ਗਹਿਰੇ ਦੁੱਖ ਵਿੱਚ ਹਨ। ਉਨ੍ਹਾਂ ਕਿਹਾ, “ਮੇਰਾ ਦਿਲ ਟੁੱਟ ਗਿਆ ਹੈ; ਮੈਂ ਅਸਹਨੀਯ ਦੁੱਖ ਅਤੇ ਪੀੜਾ ਵਿੱਚ ਹਾਂ, ਜਿਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।” ਵਿਜੇ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਸੰਵੇਦਨਾ ਪ੍ਰਗਟਾਈ ਤੇ ਜ਼ਖ਼ਮੀਆਂ ਦੀ ਜਲਦੀ ਤੰਦਰੁਸਤੀ ਦੀ ਕਾਮਨਾ ਕੀਤੀ।
ਭੀੜ ‘ਤੇ ਕਾਬੂ ਨਾ ਰਹਿ ਸਕਿਆ, ਮਚੀ ਭਗਦੜ
ਪੁਲਸ ਨੇ ਇਸ ਰੈਲੀ ਲਈ 10,000 ਲੋਕਾਂ ਦੀ ਹੀ ਇਜਾਜ਼ਤ ਦਿੱਤੀ ਸੀ, ਪਰ ਹਕੀਕਤ ਵਿੱਚ ਇਸ ਤੋਂ ਕਈ ਗੁਣਾ ਵੱਧ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਵਿਜੇ ਲਗਭਗ ਛੇ ਘੰਟੇ ਦੇਰੀ ਨਾਲ ਰੈਲੀ ਸਥਾਨ ‘ਤੇ ਪਹੁੰਚੇ, ਜਿਸ ਕਾਰਨ ਲੋਕ ਬੇਸਬਰ ਹੋ ਗਏ। ਜਿਵੇਂ ਹੀ ਵਿਜੇ ਨੇ ਭਾਸ਼ਣ ਸ਼ੁਰੂ ਕੀਤਾ, ਉਤਸ਼ਾਹਿਤ ਭੀੜ ਬੈਰੀਕੇਡ ਤੋੜਦੇ ਹੋਏ ਮੰਚ ਵੱਲ ਵਧੀ ਤੇ ਭਗਦੜ ਮਚ ਗਈ।
ਐਂਬੂਲੈਂਸਾਂ ਦੀ ਦੌੜ, ਹਾਲਤ ਗੰਭੀਰ
ਕਈ ਲੋਕ ਮੌਕੇ ‘ਤੇ ਹੀ ਬੇਹੋਸ਼ ਹੋ ਗਏ। ਵਿਜੇ ਨੇ ਸਥਿਤੀ ਨੂੰ ਕਾਬੂ ਕਰਨ ਲਈ ਆਪਣੀ ਪ੍ਰਚਾਰ ਬੱਸ ‘ਤੇ ਚੜ੍ਹ ਕੇ ਭੀੜ ਵੱਲ ਪਾਣੀ ਦੀਆਂ ਬੋਤਲਾਂ ਸੁੱਟਣੀਆਂ ਪਈਆਂ। ਹਾਦਸੇ ਦੇ ਤੁਰੰਤ ਬਾਅਦ ਐਂਬੂਲੈਂਸਾਂ ਰਾਹੀਂ ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ ਗਿਆ, ਪਰ ਕਈਆਂ ਨੂੰ ਬਚਾਇਆ ਨਾ ਜਾ ਸਕਿਆ।
ਰਾਜਨੀਤਿਕ ਮਾਹੌਲ ‘ਚ ਮਚੀ ਚਰਚਾ
ਇਸ ਦਰਦਨਾਕ ਹਾਦਸੇ ਨੇ ਨਾ ਸਿਰਫ਼ ਪਰਿਵਾਰਾਂ ‘ਤੇ ਸੋਕ ਦੀ ਛਾਂ ਫੈਲਾ ਦਿੱਤੀ ਹੈ, ਬਲਕਿ ਰੈਲੀਆਂ ਵਿੱਚ ਸੁਰੱਖਿਆ ਪ੍ਰਬੰਧਾਂ ‘ਤੇ ਵੀ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਸਰਕਾਰ ਵੱਲੋਂ ਜਾਂਚ ਦੀ ਘੋਸ਼ਣਾ ਕੀਤੀ ਗਈ ਹੈ।