ਚੰਡੀਗੜ੍ਹ :- ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ ਪੁਲਿਸ (DGP) ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਦੀ ਮੌਤ ਤੋਂ ਬਾਅਦ ਪਰਿਵਾਰ ਅਤੇ ਗੁਆਂਢੀ ਸ਼ਮਸੁਦੀਨ ਚੌਧਰੀ ਵਿਚਕਾਰ ਚੱਲ ਰਹੀ ਤਣਾਅਪੂਰਨ ਸਥਿਤੀ ਨੇ ਨਵਾਂ ਰੁਖ ਲੈ ਲਿਆ ਹੈ। ਅਕੀਲ ਦੇ ਮਰਨ ਪਿੱਛੋਂ ਸ਼ਮਸੁਦੀਨ ਵੱਲੋਂ ਜਾਰੀ ਕੀਤਾ ਇੱਕ ਵੀਡੀਓ ਅਤੇ ਉਸ ਤੋਂ ਬਾਅਦ ਦਰਜ ਸ਼ਿਕਾਇਤਾਂ ਨੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ।
‘ਪਿਟਬੁੱਲ’ ਕਹਿਣ ’ਤੇ ਮਾਣਹਾਨੀ ਦਾ ਕੇਸ
ਮਾਮਲਾ ਉਸ ਵੇਲੇ ਹੋਰ ਤੀਖਾ ਹੋ ਗਿਆ ਜਦੋਂ ਮੁਹੰਮਦ ਮੁਸਤਫਾ ਨੇ ਇੱਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਸ਼ਮਸੁਦੀਨ ਚੌਧਰੀ ਲਈ “ਪਿਟਬੁੱਲ” ਸ਼ਬਦ ਵਰਤਿਆ। ਇਸਨੂੰ ਲੈ ਕੇ ਸ਼ਮਸੁਦੀਨ ਨੇ ਅਦਾਲਤ ਵਿੱਚ ਮਾਣਹਾਨੀ ਦੀ ਪਟੀਸ਼ਨ ਦਾਇਰ ਕਰਤੀ ਹੈ।
ਚੌਧਰੀ ਦਾ ਕਹਿਣਾ ਹੈ ਕਿ ਇਸ ਬਿਆਨ ਨੇ ਨਾਂ ਸਿਰਫ਼ ਉਨ੍ਹਾਂ ਦੀ ਸਾਖ ਨੂੰ ਠੇਸ ਪਹੁੰਚਾਈ ਹੈ, ਸਗੋਂ ਪਰਿਵਾਰ ਨੂੰ ਵੀ ਜਨਤਕ ਤੌਰ ’ਤੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਪਟੀਸ਼ਨ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਇੰਟਰਵਿਊ ਨੂੰ ਲੱਖਾਂ ਵਾਰ ਦੇਖਿਆ ਗਿਆ, ਜਿਸ ਨਾਲ ਨੁਕਸਾਨ ਕਈ ਗੁਣਾ ਵੱਧ ਗਿਆ।
ਅਦਾਲਤ ਨੇ ਪਟੀਸ਼ਨ ਦੇ ਆਧਾਰ ’ਤੇ ਸਾਬਕਾ ਡੀਜੀਪੀ ਨੂੰ ਨੋਟਿਸ ਭੇਜ ਦਿੱਤਾ ਹੈ।
ਅਕੀਲ ਦੀ ਮੌਤ ’ਤੇ ਲੱਗੇ ਗੰਭੀਰ ਇਲਜ਼ਾਮ
ਅਕੀਲ ਦੇ ਮਰਨ ਤੋਂ ਬਾਅਦ ਸ਼ਮਸੁਦੀਨ ਚੌਧਰੀ ਵੱਲੋਂ ਕੀਤੀ ਸ਼ਿਕਾਇਤ ਵਿੱਚ ਮੁਸਤਫਾ ਦੇ ਪਰਿਵਾਰ ਖ਼ਿਲਾਫ਼ ਕਈ ਸੰਜੀਦੇ ਦੋਸ਼ ਲਗਾਏ ਗਏ ਸਨ। ਉਨ੍ਹਾਂ ਦਾ ਦਾਅਵਾ ਸੀ ਕਿ ਅਕੀਲ ਦੀ ਪਤਨੀ ਅਤੇ ਉਸਦੇ ਪਿਤਾ ਵਿਚਕਾਰ ਨਾਜਾਇਜ਼ ਸਬੰਧ ਸਨ ਅਤੇ ਅਕੀਲ ਨੇ ਖੁਦ ਵੀ ਮਰਨ ਤੋਂ ਪਹਿਲਾਂ ਇੱਕ ਵੀਡੀਓ ‘ਚ ਪਰਿਵਾਰ ਖ਼ਿਲਾਫ਼ ਸਾਜ਼ਿਸ਼ ਰਚਣ ਦੇ ਦੋਸ਼ ਲਗਾਏ ਸਨ।
ਪੰਚਕੁਲਾ ਪੁਲਿਸ ਨੇ ਕੀਤਾ ਸੀ ਮਾਮਲਾ ਦਰਜ
ਸ਼ਮਸੁਦੀਨ ਦੀ ਸ਼ਿਕਾਇਤ ਦੇ ਅਧਾਰ ’ਤੇ ਪੰਚਕੂਲਾ ਦੇ ਮਨਸਾ ਦੇਵੀ ਪੁਲਿਸ ਸਟੇਸ਼ਨ ਨੇ ਮੁਹੰਮਦ ਮੁਸਤਫਾ, ਉਨ੍ਹਾਂ ਦੀ ਪਤਨੀ ਅਤੇ ਪੰਜਾਬ ਦੀ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਸਮੇਤ ਪਰਿਵਾਰਕ ਮੈਂਬਰਾਂ ਖਿਲਾਫ਼ ਧਾਰਾ 103(1) ਅਤੇ 61 (BNS) ਹੇਠ ਕੇਸ ਦਰਜ ਕੀਤਾ ਸੀ।
ਮੁਸਤਫਾ ਨੇ ਉਸ ਵੇਲੇ ਸਾਰੇ ਦੋਸ਼ਾਂ ਨੂੰ ਸਖ਼ਤੀ ਨਾਲ ਨਿਕਾਰਿਆ ਸੀ।
ਮਾਮਲੇ ਨੇ ਫਿਰ ਚੱਕਿਆ ਤੂਫ਼ਾਨੀ ਰੁੱਖ
16 ਅਕਤੂਬਰ ਨੂੰ ਅਕੀਲ ਦੀ ਪੰਚਕੂਲਾ ਵਿੱਚ ਮੌਤ ਹੋਈ ਸੀ, ਜਿਸ ਬਾਰੇ ਪਰਿਵਾਰ ਨੇ ਕਿਹਾ ਸੀ ਕਿ ਨਸ਼ੇ ਦੀ ਓਵਰਡੋਜ਼ ਕਾਰਨ ਦੁਰਘਟਨਾ ਵਾਪਰੀ। ਪਰ ਕੁਝ ਦਿਨਾਂ ਬਾਅਦ ਸਾਹਮਣੇ ਆਏ ਵੀਡੀਓ ਨੇ ਮਾਮਲੇ ਨੂੰ ਵੱਡਾ ਮੋੜ ਦੇ ਦਿੱਤਾ। ਹੁਣ ਮੁਸਤਫਾ ਦੇ “ਪਿਟਬੁੱਲ” ਵਾਲੇ ਬਿਆਨ ਨੇ ਕਾਨੂੰਨੀ ਪੱਖ ਤੋਂ ਨਵੀਂ ਲੜੀ ਸ਼ੁਰੂ ਕਰ ਦਿੱਤੀ ਹੈ।

