ਚੰਡੀਗੜ੍ਹ :- ਲਗਾਤਾਰ ਭਾਰੀ ਬਾਰਿਸ਼ਾਂ ਕਾਰਨ ਪੰਜਾਬ ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਹੈ। ਵੀਰਵਾਰ ਦੁਪਹਿਰ 2.30 ਵਜੇ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹਣੇ ਪਏ। ਸਵੇਰੇ ਹੀ ਪਾਣੀ 1390 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਤੋਂ ਵੱਧ ਕੇ 1396 ਫੁੱਟ ਤੱਕ ਪਹੁੰਚ ਗਿਆ ਸੀ।
ਮੁੱਖ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ
ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਸ ਪਹੁੰਚ ਕੇ ਹੜ੍ਹ ਪ੍ਰਭਾਵਿਤ ਖੇਤਰ ਦਾ ਜਾਇਜ਼ਾ ਲਿਆ। ਇਸੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਦਦ ਲਈ ਪੱਤਰ ਲਿਖ ਕੇ ਸਹਿਯੋਗ ਦੀ ਪੇਸ਼ਕਸ਼ ਕੀਤੀ।
ਵੱਧਦੇ ਪਾਣੀ ਨਾਲ ਡੈਮਾਂ ਦੀ ਸਮਰੱਥਾ ਘੱਟੀ
ਫਿਰੋਜ਼ਪੁਰ ਪਹੁੰਚੇ ਸਿੰਚਾਈ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਇਸ ਵਾਰ ਪਾਣੀ ਦੀ ਮਾਤਰਾ 1988 ਅਤੇ 2023 ਨਾਲੋਂ ਵੀ ਜ਼ਿਆਦਾ ਹੈ। ਪਾਣੀ ਦੇ ਵੱਡੇ ਵਹਾਅ ਕਾਰਨ ਡੈਮਾਂ ਦੀ ਸਮਰੱਥਾ ਘੱਟ ਪੈ ਰਹੀ ਹੈ ਅਤੇ ਸਥਿਤੀ ‘ਤੇ ਕਾਬੂ ਪਾਉਣਾ ਚੁਣੌਤੀਪੂਰਨ ਹੋ ਗਿਆ ਹੈ।
ਜਾਨੀ ਨੁਕਸਾਨ ਅਤੇ ਲਾਪਤਾ ਲੋਕ
ਮਾਧੋਪੁਰ ਵਿੱਚ 2 ਅਤੇ ਗੁਰਦਾਸਪੁਰ ਵਿੱਚ ਇੱਕ ਵਿਅਕਤੀ ਹੜ੍ਹ ਵਿੱਚ ਵਹਿ ਗਿਆ। ਪਠਾਨਕੋਟ ਵਿੱਚ ਇੱਕ ਗੁੱਜਰ ਪਰਿਵਾਰ ਦੇ 3 ਮੈਂਬਰ ਲਾਪਤਾ ਹਨ, ਜਦਕਿ ਇੱਕ ਬੱਚੀ ਦੀ ਲਾਸ਼ ਬਰਾਮਦ ਹੋਈ ਹੈ।
ਸਭ ਤੋਂ ਪ੍ਰਭਾਵਿਤ ਜ਼ਿਲ੍ਹੇ
ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਸਭ ਤੋਂ ਵੱਧ ਹੜ੍ਹਾਂ ਦੀ ਮਾਰ ਹੇਠ ਹਨ। 150 ਤੋਂ ਵੱਧ ਪਿੰਡਾਂ ਵਿੱਚ 5 ਤੋਂ 7 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ।
ਰਾਹਤ ਅਤੇ ਬਚਾਅ ਕਾਰਜ ਤੇਜ਼
ਫਿਰੋਜ਼ਪੁਰ ਵਿੱਚ 2000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਫੌਜ, ਐਨਡੀਆਰਐਫ, ਪੁਲਿਸ ਅਤੇ ਹੋਰ ਏਜੰਸੀਆਂ ਰਾਹਤ ਕਾਰਜਾਂ ਵਿੱਚ ਜੁਟੀ ਹੋਈਆਂ ਹਨ। ਅਜਨਾਲਾ ਅਤੇ ਅੰਮ੍ਰਿਤਸਰ ਵਿੱਚ ਵੀ ਬਚਾਅ ਕਾਰਜ ਜਾਰੀ ਹਨ।
ਡੈਮਾਂ ਦੀ ਨਾਜ਼ੁਕ ਸਥਿਤੀ
ਹਿਮਾਚਲ ਅਤੇ ਜੰਮੂ ਵਿੱਚ ਮੀਂਹ ਕਾਰਨ ਤਲਵਾੜਾ ਪੌਂਗ ਡੈਮ ਦਾ ਪਾਣੀ 1396 ਫੁੱਟ ਤੱਕ ਪਹੁੰਚ ਗਿਆ, ਜਿਸ ਕਾਰਨ ਦੁਪਹਿਰ ਨੂੰ ਫਲੱਡ ਗੇਟ ਖੋਲ੍ਹਣੇ ਪਏ। ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੇ ਵੀ 4 ਦਰਵਾਜ਼ੇ ਖੋਲ੍ਹੇ ਗਏ ਹਨ, ਕਿਉਂਕਿ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ 527 ਫੁੱਟ ਦੇ ਨੇੜੇ ਪਹੁੰਚ ਚੁੱਕਾ ਹੈ।