ਚੰਡੀਗੜ੍ਹ :- ਪੰਜਾਬ ਦੇ ਕਈ ਨੌਜਵਾਨ ਅਜੇ ਵੀ ਖ਼ਤਰਨਾਕ ਡੌਂਕੀ ਰਸਤੇ ਰਾਹੀਂ ਯੂਰਪ ਅਤੇ ਯੂਕੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੀ ਦੌਰਾਨ ਫਰਾਂਸ ਦੇ ਡੰਕਰਕ ਸ਼ਹਿਰ ਤੋਂ 1 ਅਕਤੂਬਰ ਨੂੰ ਚੱਲੀ ਇਕ ਹਵਾ ਵਾਲੀ ਕਿਸ਼ਤੀ ਰਾਹੀਂ ਯੂਕੇ ਜਾਣ ਵਾਲਿਆਂ ਨਾਲ ਵੱਡਾ ਹਾਦਸਾ ਵਾਪਰ ਗਿਆ।
ਕਿਸ਼ਤੀ ਵਿੱਚ ਕਰੀਬ 80 ਯਾਤਰੀ ਸਵਾਰ
ਮਿਲੀ ਜਾਣਕਾਰੀ ਮੁਤਾਬਕ, ਇਸ ਕਿਸ਼ਤੀ ਵਿੱਚ ਪੰਜਾਬ ਦੇ 5 ਨੌਜਵਾਨ ਸਮੇਤ 80 ਤੋਂ 85 ਲੋਕ ਸਵਾਰ ਸਨ। ਯਾਤਰਾ ਦੌਰਾਨ ਕਿਸ਼ਤੀ ਦੀ ਹਵਾ ਅਚਾਨਕ ਲੀਕ ਹੋਣ ਤੇ ਬਲਾਸਟ ਹੋਣ ਕਾਰਨ ਬੋਟ ਸਮੁੰਦਰ ਵਿੱਚ ਡੁੱਬਣ ਲੱਗੀ।
ਫਰਾਂਸ ਪੁਲਿਸ ਨੇ ਬਚਾਏ ਬਹੁਤੇ, ਜਲੰਧਰ ਦਾ ਨੌਜਵਾਨ ਗੁੰਮ
ਖ਼ਤਰਾ ਦੇਖਦਿਆਂ ਫਰਾਂਸ ਦੀ ਰੈਸਕਿਊ ਟੀਮ ਨੇ ਮੌਕੇ ‘ਤੇ ਕਾਰਵਾਈ ਕਰਦਿਆਂ ਵੱਡੀ ਗਿਣਤੀ ਵਿੱਚ ਯਾਤਰੀਆਂ ਦੀ ਜਾਨ ਬਚਾਈ, ਪਰ ਜਲੰਧਰ ਦੇ ਪਿੰਡ ਭਟਨੂਰਾ ਲੁਬਾਣਾ ਦਾ 29 ਸਾਲਾ ਅਰਵਿੰਦਰ ਸਿੰਘ ਅਜੇ ਤੱਕ ਨਹੀਂ ਲੱਭ ਸਕਿਆ।
ਪਰਿਵਾਰ ‘ਤੇ ਦੁੱਖਾਂ ਦਾ ਪਹਾੜ
ਅਰਵਿੰਦਰ ਸਿੰਘ ਦੇ ਛੋਟੇ ਭਰਾ ਨੇ ਦੱਸਿਆ ਕਿ 2 ਅਕਤੂਬਰ ਨੂੰ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਕਿਸ਼ਤੀ ਵਿੱਚ ਸਵਾਰ ਹੋਏ ਹੋਰ ਚਾਰ ਪੰਜਾਬੀ ਸੁਰੱਖਿਅਤ ਹਨ, ਪਰ ਅਰਵਿੰਦਰ ਅਜੇ ਵੀ ਲਾਪਤਾ ਹੈ। ਪਰਿਵਾਰ ਦੇ ਕਹਿਣ ਅਨੁਸਾਰ, ਉਹ ਘਰ ਦਾ ਵੱਡਾ ਪੁੱਤ ਸੀ ਅਤੇ ਘਟਨਾ ਤੋਂ ਬਾਅਦ ਸਾਰੇ ਸਦਮੇ ਵਿੱਚ ਹਨ।
ਪਰਿਵਾਰ ਦੀ ਸਰਕਾਰ ਕੋਲ ਗੁਹਾਰ
ਪਰਿਵਾਰ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਫਰਾਂਸ ਦੀਆਂ ਏਜੰਸੀਆਂ ਨਾਲ ਮਿਲ ਕੇ ਅਰਵਿੰਦਰ ਸਿੰਘ ਦੀ ਭਾਲ ਤੇਜ਼ ਕੀਤੀ ਜਾਵੇ। ਫਰਾਂਸੀਸੀ ਟੀਮ ਦੀ ਖੋਜ ਕਾਰਵਾਈ ਜਾਰੀ ਹੈ ਪਰ ਅਜੇ ਤੱਕ ਕੋਈ ਨਤੀਜਾ ਸਾਹਮਣੇ ਨਹੀਂ ਆਇਆ।