ਅਹਿਮਦਾਬਾਦ :- ਅਹਿਮਦਾਬਾਦ ਦੇ ਇਕ ਨਿੱਜੀ ਸਕੂਲ ਵਿਚ ਮੰਗਲਵਾਰ ਨੂੰ ਵਾਪਰੀ ਘਟਨਾ ਨੇ ਸਾਰੇ ਸ਼ਹਿਰ ਨੂੰ ਹਿਲਾ ਦਿੱਤਾ। ਜਾਣਕਾਰੀ ਮੁਤਾਬਕ, 10ਵੀਂ ਜਮਾਤ ਦੇ ਵਿਦਿਆਰਥੀ ਦਾ ਜੂਨੀਅਰ ਨਾਲ ਕਿਸੇ ਮਾਮੂਲੀ ਗੱਲ ’ਤੇ ਝਗੜਾ ਹੋਇਆ, ਜਿਸ ਤੋਂ ਬਾਅਦ ਉਸ ਨੂੰ ਚਾਕੂ ਮਾਰ ਦਿੱਤਾ ਗਿਆ। ਜ਼ਖ਼ਮੀ ਵਿਦਿਆਰਥੀ ਨੂੰ ਹਸਪਤਾਲ ਲਿਜਾਇਆ ਗਿਆ, ਪਰ ਦੇਰ ਰਾਤ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਮਾਪਿਆਂ ਨੇ ਸਕੂਲ ’ਚ ਮਚਾਈ ਤਬਾਹੀ
ਵਿਦਿਆਰਥੀ ਦੀ ਮੌਤ ਦੀ ਖ਼ਬਰ ਜਦੋਂ ਪਰਿਵਾਰ ਤੱਕ ਪਹੁੰਚੀ ਤਾਂ ਮਾਪਿਆਂ ਅਤੇ ਇਲਾਕੇ ਦੇ ਲੋਕਾਂ ਵਿਚ ਗੁੱਸਾ ਫੁੱਟਿਆ। ਬੁੱਧਵਾਰ ਨੂੰ ਗੁੱਸੇ ਨਾਲ ਭਰੀ ਭੀੜ ਨੇ ਸੇਵੈਂਥ ਡੇਅ ਐਡਵੈਂਟਿਸਟ ਸਕੂਲ ਦਾ ਰੁਖ ਕੀਤਾ ਅਤੇ ਭੰਨ-ਤੋੜ ਕਰਨ ਨਾਲ ਨਾਲ ਸਕੂਲ ਦੇ ਕਰਮਚਾਰੀਆਂ ਨਾਲ ਵੀ ਮਾਰਪੀਟ ਕੀਤੀ।
ਪੁਲਸ ਤੇ ਸਰਕਾਰ ਦੀ ਅਪੀਲ: ਸ਼ਾਂਤੀ ਬਣਾਈ ਰੱਖੋ
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਹਾਲਾਤ ’ਤੇ ਕਾਬੂ ਪਾਇਆ। ਪੁਲਸ ਮੁਤਾਬਕ, ਨਾਬਾਲਿਗ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੁਜਰਾਤ ਦੇ ਸਿੱਖਿਆ ਮੰਤਰੀ ਪ੍ਰਫੁੱਲ ਪਨਸ਼ੇਰੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਬਣਾਈ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਪਰਹੇਜ਼ ਕਰਨ।