ਚੰਡੀਗੜ੍ਹ :- ਪੰਜਾਬੀ ਸਿਨੇਮਾ ਦੀ ਜਾਣੀ-ਮਾਣੀ ਅਦਾਕਾਰਾ ਮੈਂਡੀ ਤੱਖਰ ਇਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਵਿਆਹ ਤੋਂ ਲਗਭਗ ਦੋ ਸਾਲ ਬਾਅਦ ਉਸਦਾ ਵਿਆਹਿਕ ਰਿਸ਼ਤਾ ਖ਼ਤਮ ਹੋ ਗਿਆ ਹੈ। ਦਿੱਲੀ ਦੀ ਸਾਕੇਤ ਪਰਿਵਾਰਕ ਅਦਾਲਤ ਨੇ ਸ਼ੁੱਕਰਵਾਰ ਨੂੰ ਮੈਂਡੀ ਤੱਖਰ ਅਤੇ ਉਸਦੇ ਪਤੀ ਸ਼ੇਖਰ ਕੌਸ਼ਲ ਵਿਚਕਾਰ ਆਪਸੀ ਸਹਿਮਤੀ ਨਾਲ ਦਾਇਰ ਤਲਾਕ ਦੀ ਅਰਜ਼ੀ ਮਨਜ਼ੂਰ ਕਰਦਿਆਂ ਦੋਹਾਂ ਨੂੰ ਕਾਨੂੰਨੀ ਤੌਰ ’ਤੇ ਵੱਖ ਕਰਨ ਦਾ ਹੁਕਮ ਜਾਰੀ ਕਰ ਦਿੱਤਾ।
ਪਹਿਲੀ ਅਰਜ਼ੀ ਮਨਜ਼ੂਰ, ਸ਼ਰਤਾਂ ਗੁਪਤ
ਅਦਾਲਤ ਵੱਲੋਂ ਜੋੜੇ ਦੀ ਪਹਿਲੀ ਆਪਸੀ ਸਹਿਮਤੀ ਵਾਲੀ ਅਰਜ਼ੀ ਕਬੂਲ ਕੀਤੀ ਗਈ, ਜਿਸ ਤੋਂ ਬਾਅਦ ਤਲਾਕ ਦੀ ਕਾਰਵਾਈ ਪੂਰੀ ਹੋਈ। ਸ਼ੇਖਰ ਕੌਸ਼ਲ ਦੇ ਵਕੀਲ ਨੇ ਤਲਾਕ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਹਾਂ ਧਿਰਾਂ ਵਿਚਕਾਰ ਤੈਅ ਹੋਈਆਂ ਸ਼ਰਤਾਂ ਨੂੰ ਗੁਪਤ ਰੱਖਿਆ ਗਿਆ ਹੈ। ਸੂਤਰਾਂ ਮੁਤਾਬਕ ਇਹ ਫ਼ੈਸਲਾ ਬਿਨਾਂ ਕਿਸੇ ਤਕਰਾਰ ਦੇ ਦੋਸਤਾਨਾ ਮਾਹੌਲ ਵਿੱਚ ਲਿਆ ਗਿਆ।
ਪਿਛਲੇ ਸਾਲ ਤੋਂ ਵੱਖਰੇ ਰਹਿ ਰਹੇ ਸਨ
ਮੈਂਡੀ ਤੱਖਰ ਅਤੇ ਸ਼ੇਖਰ ਕੌਸ਼ਲ ਦਾ ਵਿਆਹ 2024 ਵਿੱਚ ਹੋਇਆ ਸੀ, ਪਰ ਵਿਆਹ ਦੇ ਕੁਝ ਸਮੇਂ ਬਾਅਦ ਹੀ ਦੋਹਾਂ ਦੇ ਰਾਹ ਵੱਖ ਹੋ ਗਏ। ਜਾਣਕਾਰੀ ਅਨੁਸਾਰ ਪਿਛਲੇ ਇੱਕ ਸਾਲ ਤੋਂ ਦੋਵੇਂ ਵੱਖ-ਵੱਖ ਰਹਿ ਰਹੇ ਸਨ, ਜਿਸ ਤੋਂ ਬਾਅਦ ਆਪਸੀ ਸਹਿਮਤੀ ਨਾਲ ਤਲਾਕ ਲਈ ਅਦਾਲਤ ਦਾ ਰੁਖ਼ ਕੀਤਾ ਗਿਆ।
ਪੰਜਾਬੀ ਸਿਨੇਮਾ ’ਚ ਮਜ਼ਬੂਤ ਪਹਿਚਾਣ
ਮੈਂਡੀ ਤੱਖਰ ਨੇ ਸਾਲ 2009 ਵਿੱਚ ਪੰਜਾਬੀ ਸੁਪਰਸਟਾਰ ਬੱਬੂ ਮਾਨ ਦੀ ਫ਼ਿਲਮ ਏਕਮ – ਸਨ ਆਫ਼ ਸੋਲ ਨਾਲ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ ਰਾਹੀਂ ਉਸਨੇ ਦਰਸ਼ਕਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਅਤੇ ਉਸ ਤੋਂ ਬਾਅਦ ਉਸਦਾ ਕਰੀਅਰ ਲਗਾਤਾਰ ਉਚਾਈਆਂ ਵੱਲ ਵਧਦਾ ਗਿਆ।
ਹਿੱਟ ਫ਼ਿਲਮਾਂ ਨਾਲ ਬਣਾਇਆ ਦਰਸ਼ਕਾਂ ’ਚ ਸਥਾਨ
ਮੈਂਡੀ ਤੱਖਰ ਕਈ ਸਫ਼ਲ ਪੰਜਾਬੀ ਫ਼ਿਲਮਾਂ ਦਾ ਹਿੱਸਾ ਰਹੀ ਹੈ, ਜਿਨ੍ਹਾਂ ਵਿੱਚ ਸਰਦਾਰ ਜੀ, ਮਿਰਜ਼ਾ – ਦਾ ਅਨਟੋਲਡ ਸਟੋਰੀ, ਤੂੰ ਮੇਰਾ ਬਾਈ ਮੈਂ ਤੇਰਾ ਬਾਈ, ਅਰਦਾਸ ਅਤੇ ਰੱਬ ਦਾ ਰੇਡੀਓ ਸ਼ਾਮਲ ਹਨ। ਉਸਦੀ ਅਦਾਕਾਰੀ ਨੂੰ ਦਰਸ਼ਕਾਂ ਅਤੇ ਆਲੋਚਕਾਂ ਦੋਵਾਂ ਵੱਲੋਂ ਖ਼ਾਸ ਤੌਰ ’ਤੇ ਸਿਰਾਹਿਆ ਗਿਆ।
ਵੱਡੇ ਸਿਤਾਰਿਆਂ ਨਾਲ ਕੀਤਾਂ ਕੰਮ
ਫ਼ਿਲਮ ਸਰਦਾਰ ਜੀ ਵਿੱਚ ਦਿਲਜੀਤ ਦੁਸਾਂਝ ਨਾਲ ਮੈਂਡੀ ਦੀ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਇਸ ਤੋਂ ਇਲਾਵਾ ਉਹ ਬੱਬੂ ਮਾਨ, ਦਿਲਜੀਤ ਦੁਸਾਂਝ ਅਤੇ ਸਿੱਧੂ ਮੂਸੇਵਾਲਾ ਵਰਗੇ ਵੱਡੇ ਨਾਮਾਂ ਨਾਲ ਵੀ ਸਕ੍ਰੀਨ ਸਾਂਝੀ ਕਰ ਚੁੱਕੀ ਹੈ। ਸਾਲ 2021 ਦੀ ਫ਼ਿਲਮ ਯੈੱਸ, ਆਈ ਐਮ ਏ ਸਟੂਡੈਂਟ ਵਿੱਚ ਮੈਂਡੀ ਨੇ ਸਿੱਧੂ ਮੂਸੇਵਾਲਾ ਦੇ ਕਿਰਦਾਰ ਦੀ ਪ੍ਰੇਮਿਕਾ ਦਾ ਰੋਲ ਨਿਭਾ ਕੇ ਦਰਸ਼ਕਾਂ ’ਤੇ ਗਹਿਰੀ ਛਾਪ ਛੱਡੀ ਸੀ।
ਨਿੱਜੀ ਜ਼ਿੰਦਗੀ ਤੋਂ ਇਲਾਵਾ ਕਰੀਅਰ ’ਤੇ ਨਜ਼ਰ
ਤਲਾਕ ਦੀ ਖ਼ਬਰਾਂ ਵਿਚਕਾਰ ਵੀ ਮੈਂਡੀ ਤੱਖਰ ਆਪਣੇ ਕੰਮ ਨੂੰ ਲੈ ਕੇ ਗੰਭੀਰ ਮੰਨੀ ਜਾਂਦੀ ਹੈ। ਫ਼ਿਲਮੀ ਹਲਕਿਆਂ ਵਿੱਚ ਮੰਨਿਆ ਜਾ ਰਿਹਾ ਹੈ ਕਿ ਨਿੱਜੀ ਜ਼ਿੰਦਗੀ ਦੇ ਇਸ ਮੋੜ ਤੋਂ ਬਾਅਦ ਉਹ ਆਪਣੇ ਅਦਾਕਾਰੀ ਕਰੀਅਰ ’ਤੇ ਪੂਰਾ ਧਿਆਨ ਕੇਂਦ੍ਰਿਤ ਕਰੇਗੀ।

