ਰੇਲਵੇ ਵੱਲੋਂ ਨਵੀਂ ਯੋਜਨਾ ਦਾ ਐਲਾਨ
ਨਵੀਂ ਦਿੱਲੀ :- ਤਿਉਹਾਰੀ ਸੀਜ਼ਨ ਦੌਰਾਨ ਵਧ ਰਹੀ ਭੀੜ ਨੂੰ ਸੰਭਾਲਣ ਅਤੇ ਯਾਤਰੀਆਂ ਨੂੰ ਵਾਧੂ ਸੁਵਿਧਾਵਾਂ ਮੁਹੱਈਆ ਕਰਨ ਲਈ ਭਾਰਤੀ ਰੇਲਵੇ ਨੇ ਇੱਕ ਨਵੀਂ ਰਾਊਂਡ ਟ੍ਰਿਪ ਪੈਕੇਜ ਸਕੀਮ ਸ਼ੁਰੂ ਕੀਤੀ ਹੈ। ਇਸ ਯੋਜਨਾ ਦੇ ਤਹਿਤ ਜੇਕਰ ਕੋਈ ਯਾਤਰੀ ਆਉਣ ਅਤੇ ਜਾਣ ਦੋਵੇਂ ਪਾਸਿਆਂ ਦੀ ਯਾਤਰਾ ਲਈ ਟਿਕਟ ਇੱਕੋ ਵਾਰ ਬੁਕ ਕਰਦਾ ਹੈ, ਤਾਂ ਉਸਨੂੰ ਰਿਟਰਨ ਯਾਤਰਾ ਦੇ ਬੇਸ ਕਿਰਾਏ ‘ਤੇ 20 ਫ਼ੀਸਦੀ ਛੂਟ ਮਿਲੇਗੀ। ਰੇਲਵੇ ਨੇ ਸਪਸ਼ਟ ਕੀਤਾ ਹੈ ਕਿ ਇਹ ਯੋਜਨਾ ਇਸ ਸਮੇਂ ਐਕਸਪੈਰੀਮੈਂਟਲ ਬੇਸਿਸ ‘ਤੇ ਲਾਗੂ ਕੀਤੀ ਗਈ ਹੈ। ਛੂਟ ਦਾ ਫ਼ਾਇਦਾ ਸਿਰਫ਼ ਉਨ੍ਹਾਂ ਯਾਤਰੀਆਂ ਨੂੰ ਮਿਲੇਗਾ ਜਿਨ੍ਹਾਂ ਦੀ ਦੋਵੇਂ ਯਾਤਰਾਵਾਂ ਦੀਆਂ ਡਿਟੇਲ ਇੱਕੋ ਜਿਹੀਆਂ ਹੋਣ।
ਬੁਕਿੰਗ ਦੀਆਂ ਤਾਰੀਖਾਂ ਅਤੇ ਨਿਯਮ
ਰੇਲਵੇ ਵੱਲੋਂ ਜਾਰੀ ਸਰਕੂਲਰ ਅਨੁਸਾਰ, ਇਸ ਸਕੀਮ ਅਧੀਨ 14 ਅਗਸਤ ਤੋਂ ਬੁਕਿੰਗ ਸ਼ੁਰੂ ਹੋਵੇਗੀ। ਇਹ ਪਹਿਲਾ ਫੇਜ਼ 13 ਅਕਤੂਬਰ ਤੋਂ 26 ਅਕਤੂਬਰ ਤੱਕ ਦੀ ਯਾਤਰਾ ਲਈ ਹੋਵੇਗਾ। ਦੂਜਾ ਫੇਜ਼ 17 ਨਵੰਬਰ ਤੋਂ 1 ਦਸੰਬਰ ਤੱਕ ਦੀ ਯਾਤਰਾ ਲਈ ਹੋਵੇਗਾ। ਦੋਵੇਂ ਪਾਸਿਆਂ ਦੀ ਬੁਕਿੰਗ ਸਿਰਫ਼ ਕਨਫਰਮ ਟਿਕਟਾਂ ‘ਤੇ ਹੀ ਹੋਵੇਗੀ ਅਤੇ ਛੂਟ ਤਦ ਹੀ ਲਾਗੂ ਹੋਵੇਗੀ ਜਦੋਂ ਆਉਣ ਅਤੇ ਜਾਣ ਦੋਵੇਂ ਯਾਤਰਾਵਾਂ ਇੱਕੋ ਜੋੜੀ ਵਾਲੀ ਟ੍ਰੇਨ ਅਤੇ ਇੱਕੋ ਕਲਾਸ ਵਿੱਚ ਹੋਣ।
ਫ਼ਾਇਦੇ ਅਤੇ ਪਾਬੰਦੀਆਂ
ਇਹ ਸਕੀਮ ਸਾਰੀਆਂ ਕਲਾਸਾਂ ਅਤੇ ਜ਼ਿਆਦਾਤਰ ਟ੍ਰੇਨਾਂ ਵਿੱਚ ਲਾਗੂ ਹੋਵੇਗੀ, ਜਿਸ ਵਿੱਚ ਸਪੈਸ਼ਲ ਟ੍ਰੇਨਾਂ ਵੀ ਸ਼ਾਮਲ ਹਨ। ਹਾਲਾਂਕਿ, ਜਿਨ੍ਹਾਂ ਟ੍ਰੇਨਾਂ ਵਿੱਚ ਫ਼ਲੈਕਸੀ ਫੇਅਰ ਸਿਸਟਮ ਲਾਗੂ ਹੈ, ਉਹ ਇਸ ਯੋਜਨਾ ਤੋਂ ਬਾਹਰ ਰਹਿਣਗੀਆਂ। ਰੇਲਵੇ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇਸ ਸਕੀਮ ਤਹਿਤ ਬੁਕ ਕੀਤੀਆਂ ਟਿਕਟਾਂ ‘ਤੇ ਰਿਫੰਡ ਜਾਂ ਮੋਡੀਫ਼ਿਕੇਸ਼ਨ ਦੀ ਸੁਵਿਧਾ ਨਹੀਂ ਹੋਵੇਗੀ।