ਜੰਮੂ :- ਜੰਮੂ ਮੰਡਲ ਦੇ ਕਠੂਆ-ਮਾਧੋਪੁਰ ਰੇਲ ਸੈਕਸ਼ਨ ਵਿਚ ਟ੍ਰੈਕ ਮਿਸ ਅਲਾਈਨਮੈਂਟ ਅਤੇ ਆਵਾਜਾਈ ਪੂਰੀ ਤਰ੍ਹਾਂ ਰੁਕਣ ਕਾਰਨ ਰੇਲਵੇ ਪ੍ਰਸ਼ਾਸਨ ਨੇ ਵੱਡਾ ਫ਼ੈਸਲਾ ਲੈਂਦਿਆਂ 1 ਸਤੰਬਰ ਨੂੰ ਚੱਲਣ ਵਾਲੀਆਂ ਕੁੱਲ 52 ਟ੍ਰੇਨਾਂ ਰੱਦ ਕਰ ਦਿੱਤੀਆਂ। ਇਸ ਤੋਂ ਇਲਾਵਾ ਇੱਕ ਟ੍ਰੇਨ ਨੂੰ ਸ਼ਾਰਟ ਟਰਮੀਨੇਟ ਤੇ ਇੱਕ ਨੂੰ ਸ਼ਾਰਟ ਓਰਿਜਿਨੇਟ ਕੀਤਾ ਗਿਆ। ਰੱਦ ਟ੍ਰੇਨਾਂ ਵਿਚ ਵੰਦੇ ਭਾਰਤ, ਜੇਹਲਮ, ਰਾਜਧਾਨੀ, ਹਿਮਗਿਰੀ, ਸਰਵੋਦਿਆ, ਮਾਲਵਾ, ਕੇਪ ਕਾਮਰਾਨ ਐਕਸਪ੍ਰੈੱਸ ਸਮੇਤ ਜੰਮੂ, ਕਟੜਾ, ਪੁਣੇ, ਦਿੱਲੀ, ਵਾਰਾਣਸੀ, ਹਾਵੜਾ ਅਤੇ ਅਜਮੇਰ ਰੂਟ ਦੀਆਂ ਪ੍ਰਮੁੱਖ ਸੇਵਾਵਾਂ ਸ਼ਾਮਲ ਹਨ।
ਯਾਤਰੀਆਂ ਨੂੰ ਭਾਰੀ ਪਰੇਸ਼ਾਨੀ, ਰੇਲਵੇ ਦੀ ਸਲਾਹ
ਰੇਲ ਸੇਵਾਵਾਂ ਦੇ ਅਚਾਨਕ ਰੁਕਣ ਨਾਲ ਯਾਤਰੀਆਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ਜਾਂ ਹੈਲਪਲਾਈਨ ਰਾਹੀਂ ਆਪਣੀਆਂ ਟ੍ਰੇਨਾਂ ਦੀ ਸਥਿਤੀ ਦੀ ਪੁਸ਼ਟੀ ਕਰਨ। ਅਧਿਕਾਰੀਆਂ ਦੇ ਮੁਤਾਬਕ ਭਾਰੀ ਬਾਰਿਸ਼ ਅਤੇ ਟ੍ਰੈਕ ਸਮੱਸਿਆਵਾਂ ਕਾਰਨ ਇਹ ਸਥਿਤੀ ਪੈਦਾ ਹੋਈ ਹੈ ਅਤੇ ਮੁਰੰਮਤ ਦਾ ਕੰਮ ਜਾਰੀ ਹੈ।
ਕਈ ਟ੍ਰੇਨਾਂ ਵਿਚ ਘੰਟਿਆਂ ਦੀ ਦੇਰੀ, ਲੋਕ ਪਰੇਸ਼ਾਨ
ਇਸ ਦੌਰਾਨ ਟ੍ਰੇਨਾਂ ਦੇਰੀ ਨਾਲ ਵੀ ਚੱਲ ਰਹੀਆਂ ਹਨ। ਅੰਮ੍ਰਿਤਸਰ ਜਾਣ ਵਾਲੀ ਆਮਰਪਾਲੀ ਐਕਸਪ੍ਰੈੱਸ 15707 ਚਾਰ ਘੰਟੇ ਦੇਰੀ ਨਾਲ 2:30 ਵਜੇ ਸਟੇਸ਼ਨ ’ਤੇ ਪਹੁੰਚੀ, ਜਦਕਿ ਇਸਦਾ ਨਿਰਧਾਰਤ ਸਮਾਂ ਸਵੇਰੇ 10:30 ਵਜੇ ਦਾ ਸੀ। ਹੀਰਾਕੁੰਡ, ਗੋਲਡਨ ਟੈਂਪਲ, ਛੱਤੀਸਗੜ੍ਹ ਸਮੇਤ ਕਈ ਹੋਰ ਟ੍ਰੇਨਾਂ ਨੇ ਵੀ ਯਾਤਰੀਆਂ ਨੂੰ ਲੰਬੇ ਸਮੇਂ ਤੱਕ ਉਡੀਕ ਕਰਨ ਲਈ ਮਜਬੂਰ ਕੀਤਾ।