ਮੁਕੇਰੀਆਂ :- ਪੰਜਾਬ ਦੇ ਮੁਕੇਰੀਆਂ ਸ਼ਹਿਰ ਤੋਂ ਇੱਕ ਸਨਸਨੀਖੇਜ਼ ਡਕੈਤੀ ਦੀ ਘਟਨਾ ਸਾਹਮਣੇ ਆਈ ਹੈ, ਜਿੱਥੇ ਹਾਜੀਪੁਰ ਰੋਡ ‘ਤੇ ਸਥਿਤ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਜਾਣਕਾਰੀ ਅਨੁਸਾਰ ‘ਜੁਏ ਜਿਊਲਰ’ ਨਾਮਕ ਦੁਕਾਨ ‘ਤੇ ਇਕੱਠੇ ਹੋ ਕੇ ਆਏ 15 ਤੋਂ 20 ਲੁਟੇਰਿਆਂ ਨੇ ਅਚਾਨਕ ਧਾਵਾ ਬੋਲ ਦਿੱਤਾ।
ਕਰੀਬ 45 ਕਿਲੋ ਸੋਨਾ-ਚਾਂਦੀ ਤੇ ਨਕਦੀ ਲੈ ਕੇ ਹੋਏ ਫਰਾਰ
ਲੁੱਟੇਰੇ ਦੁਕਾਨ ਵਿਚੋਂ ਵੱਡੀ ਮਾਤਰਾ ਵਿੱਚ ਸੋਨਾ, ਚਾਂਦੀ ਅਤੇ ਨਕਦੀ ਸਮੇਤ ਫਰਾਰ ਹੋ ਗਏ। ਦੁਕਾਨ ਮਾਲਕ ਦੇ ਮੁਤਾਬਕ ਡਕੈਤੀ ਦੌਰਾਨ ਲਗਭਗ 45 ਕਿਲੋ ਸੋਨਾ-ਚਾਂਦੀ ਅਤੇ ਨਕਦੀ ਚੋਰੀ ਹੋਈ ਹੈ, ਜਿਸ ਨਾਲ ਉਸ ਨੂੰ ਕਰੀਬ ਸਵਾ ਕਰੋੜ ਰੁਪਏ ਦਾ ਭਾਰੀ ਨੁਕਸਾਨ ਹੋਇਆ ਹੈ।
ਸੂਚਨਾ ਮਿਲਦਿਆਂ ਹੀ ਪੁਲਿਸ ਹਰਕਤ ‘ਚ, ਜਾਂਚ ਸ਼ੁਰੂ
ਘਟਨਾ ਦੀ ਖ਼ਬਰ ਮਿਲਣ ‘ਤੇ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਆਲੇ-ਦੁਆਲੇ ਦੇ ਇਲਾਕਿਆਂ ‘ਚ ਨਾਕਾਬੰਦੀ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਨਾਲ ਹੀ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਵਿਧਾਇਕ ਜੰਗੀ ਲਾਲ ਮਹਾਜਨ ਨੇ ਕਾਨੂੰਨ ਵਿਵਸਥਾ ‘ਤੇ ਚੁੱਕੇ ਸਵਾਲ
ਡਕੈਤੀ ਦੀ ਖ਼ਬਰ ਮਿਲਦਿਆਂ ਹੀ ਸਥਾਨਕ ਵਿਧਾਇਕ ਜੰਗੀ ਲਾਲ ਮਹਾਜਨ ਵੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਲੁੱਟ-ਖੋਹ ਦੀਆਂ ਵਧਦੀਆਂ ਘਟਨਾਵਾਂ ‘ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਇਲਾਕੇ ਵਿੱਚ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਡਗਮਗਾ ਰਹੀ ਹੈ ਅਤੇ ਲੋਕਾਂ ਦੀ ਸੁਰੱਖਿਆ ‘ਤੇ ਸਵਾਲ ਖੜੇ ਹੋ ਰਹੇ ਹਨ।
ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਦਾ ਭਰੋਸਾ
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

