ਚੇਨਈ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਚੇਨਈ ਪਹੁੰਚੇ, ਜਿੱਥੇ ਉਨ੍ਹਾਂ ਨੇ ਸਰਕਾਰੀ ਸਕੂਲਾਂ ਵਿੱਚ ਚੱਲ ਰਹੀ ਸੀ.ਐੱਮ. ਬ੍ਰੇਕਫਾਸਟ ਸਕੀਮ ਦੇ ਸ਼ੁਰੂਆਤੀ ਸਮਾਗਮ ਵਿੱਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਬੱਚਿਆਂ ਨਾਲ ਮਿਲ ਕੇ ਬ੍ਰੇਕਫਾਸਟ ਵੀ ਕੀਤਾ।
ਪੰਜਾਬ ‘ਚ ਸਕੀਮ ਲਾਗੂ ਕਰਨ ਲਈ ਵਿਚਾਰ-ਵਟਾਂਦਰਾ
ਸਮਾਗਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਯੋਜਨਾ ਨੂੰ ਪੰਜਾਬ ਵਿੱਚ ਵੀ ਸ਼ੁਰੂ ਕਰਨ ਬਾਰੇ ਆਪਣੀ ਕੈਬਨਿਟ ਨਾਲ ਚਰਚਾ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਭੋਜਨ ਆਮ ਤੌਰ ‘ਤੇ ਭਾਰੀ ਹੁੰਦਾ ਹੈ, ਜਿਵੇਂ ਕਿ ਪਰਾਂਠੇ, ਮੱਖਣ ਤੇ ਲੱਸੀ, ਪਰ ਦੱਖਣੀ ਭਾਰਤੀ ਖਾਣਾ ਬੱਚਿਆਂ ਲਈ ਹੋਰ ਵੀ ਜ਼ਿਆਦਾ ਲਾਭਦਾਇਕ ਹੈ।
ਗਰੀਬ ਮਾਵਾਂ ਲਈ ਰਾਹਤਦਾਇਕ ਯੋਜਨਾ
ਮੁੱਖ ਮੰਤਰੀ ਨੇ ਦੱਸਿਆ ਕਿ ਕਈ ਗਰੀਬ ਮਾਵਾਂ, ਜਿਨ੍ਹਾਂ ਨੂੰ ਸਵੇਰੇ ਕੰਮ ‘ਤੇ ਜਾਣਾ ਹੁੰਦਾ ਹੈ, ਉਹ ਬੱਚਿਆਂ ਨੂੰ ਖਾਣੇ ਦੀ ਚਿੰਤਾ ਕਰਕੇ ਸਕੂਲ ਨਹੀਂ ਭੇਜਦੀਆਂ। ਇਹ ਸਕੀਮ ਉਨ੍ਹਾਂ ਲਈ ਵੱਡੀ ਸਹੂਲਤ ਸਾਬਤ ਹੋਵੇਗੀ ਕਿਉਂਕਿ ਹੁਣ ਬੱਚਿਆਂ ਦੇ ਨਾਸ਼ਤੇ ਦੀ ਜ਼ਿੰਮੇਵਾਰੀ ਸਕੂਲਾਂ ਵੱਲੋਂ ਨਿਭਾਈ ਜਾਵੇਗੀ।
ਸਾਊਥ ਭਾਰਤੀ ਖਾਣੇ ਦੀ ਪ੍ਰਸ਼ੰਸਾ
ਭਗਵੰਤ ਮਾਨ ਨੇ ਕਿਹਾ ਕਿ ਜਿਵੇਂ ਪੰਜਾਬੀ ਸਾਰੇ ਦੇਸ਼ ਦਾ ਢਿੱਡ ਭਰਦੇ ਹਨ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਦੱਖਣੀ ਭਾਰਤੀ ਖਾਣੇ ਨੂੰ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਖਾਣਾ ਬੱਚਿਆਂ ਦੀ ਸਿਹਤ ਲਈ ਕਾਫ਼ੀ ਲਾਭਦਾਇਕ ਹੈ ਅਤੇ ਇਸ ਤਰ੍ਹਾਂ ਦੀਆਂ ਸਕੀਮਾਂ ਨਾਲ ਬੱਚਿਆਂ ਦੀ ਪੜ੍ਹਾਈ ਤੇ ਸਿਹਤ ਦੋਵਾਂ ਵਿੱਚ ਸੁਧਾਰ ਆਵੇਗਾ।