ਸ਼ਿਮਲਾ :- ਮੰਗਲਵਾਰ ਨੂੰ ਅਖਿਲ ਭਾਰਤੀ ਜਨਵਾਦੀ ਮਹਿਲਾ ਸਮਿਤੀ (AIDWA) ਨੇ ਚੁਰਾਹ ਹਲਕੇ ਦੇ ਬੀਜੇਪੀ ਵਿਧਾਇਕ ਹੰਸ ਰਾਜ ਖ਼ਿਲਾਫ਼ ਨਾਬਾਲਗ ਨਾਲ ਕਥਿਤ ਦੁਰਵਿਹਾਰ ਦੇ ਮਾਮਲੇ ’ਚ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਮਹਿਲਾ ਕਾਰਕੁਨਾਂ ਨੇ ਵਿਧਾਇਕ ਦੇ ਅਸਤੀਫ਼ੇ ਅਤੇ ਕੇਸ ਦੀ ਨਿਸ਼ਪੱਖ ਜਾਂਚ ਲਈ ਨਾਰੇਬਾਜ਼ੀ ਕੀਤੀ।
AIDWA ਦਾ ਸਿੱਧਾ ਇਲਜ਼ਾਮ, ਇਹ ਸਿਰਫ਼ ਕੇਸ ਨਹੀਂ, ਪ੍ਰਭਾਵ ਦਾ ਦਬਾਅ ਵੀ ਹੈ
ਹਿਮਾਚਲ ਪ੍ਰਦੇਸ਼ ਜਨਵਾਦੀ ਮਹਿਲਾ ਕਮੇਟੀ ਦੀ ਪ੍ਰਧਾਨ ਫ਼ਲਮਾ ਚੌਹਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਸੋ ਕਾਨੂੰਨ ਦੇ ਤਹਿਤ ਆਮ ਤੌਰ ‘ਤੇ ਜ਼ਮਾਨਤ ਦੀ ਇਜਾਜ਼ਤ ਨਹੀਂ ਹੁੰਦੀ, ਪਰ ਫਿਰ ਵੀ ਵਿਧਾਇਕ ਨੂੰ ਰਾਹਤ ਮਿਲੀ। ਉਨ੍ਹਾਂ ਕਿਹਾ, ਅਸੀਂ ਸਪੱਸ਼ਟ ਤੌਰ ’ਤੇ ਵਿਧਾਇਕ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕਰਦੇ ਹਾਂ। ਜ਼ਮਾਨਤ ਰੱਦ ਕੀਤੀ ਜਾਣੀ ਚਾਹੀਦੀ ਹੈ ਅਤੇ ਪੀੜਤ ਪਰਿਵਾਰ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇ।
SIT ਬਣਾਉਣ ਦੀ ਮੰਗ ਤੇ ਰਾਜਨੀਤਿਕ ਦਖ਼ਲਅੰਦਾਜ਼ੀ ਦਾ ਇਲਜ਼ਾਮ
ਫ਼ਲਮਾ ਚੌਹਾਨ ਨੇ ਦਾਅਵਾ ਕੀਤਾ ਕਿ ਮਾਮਲਾ ਦਬਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ, ਵਿਧਾਇਕ ਦਾ ਪ੍ਰਭਾਵ ਜਾਂਚ ‘ਤੇ ਅਸਰ ਪਾ ਸਕਦਾ ਹੈ। ਇਸ ਲਈ ਇੱਕ ਰਿਟਾਇਰਡ ਸੀਨੀਅਰ ਅਧਿਕਾਰੀ ਦੀ ਅਗਵਾਈ ਹੇਠ SIT ਬਣਾਈ ਜਾਵੇ। ਮਾਮਲੇ ਵਿੱਚ ਹੋਰ ਨਾਮ ਵੀ ਸਾਹਮਣੇ ਆ ਰਹੇ ਹਨ, ਸਭ ਦੀ ਜਾਂਚ ਹੋਣੀ ਲਾਜ਼ਮੀ ਹੈ।
ਗਰੀਬ ਪਰਿਵਾਰ ਦੀ ਲੜਾਈ, ਰਾਜਨੀਤਕ ਤਾਕਤਾਂ ਸੱਚ ਦਬਾ ਰਹੀਆਂ ਹਨ
AIDWA ਆਗੂਆਂ ਨੇ ਗੰਭੀਰ ਚਿੰਤਾ ਜਤਾਈ ਕਿ ਪੀੜਤ ਪਰਿਵਾਰ ਦੀ ਆਵਾਜ਼ ਦਬਾਉਣ ਦਾ ਜਤਨ ਕੀਤਾ ਜਾ ਰਿਹਾ ਹੈ।
ਚੌਹਾਨ ਨੇ ਕਿਹਾ, ਜੋ ਦਰਦ ਨਾਬਾਲਗ ਅਤੇ ਉਸਦਾ ਪਰਿਵਾਰ ਸਹਿ ਰਿਹਾ ਹੈ, ਉਹ ਕੇਵਲ ਉਹੀ ਸਮਝ ਸਕਦੇ ਹਨ। ਰਾਜਨੀਤਿਕ ਤੌਰ ‘ਤੇ ਮਾਮਲੇ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਲਈ ਅਸੀਂ ਪੂਰੀ ਤਰ੍ਹਾਂ ਨਿਸ਼ਪੱਖ ਜਾਂਚ ਦੀ ਮੰਗ ਕਰਦੇ ਹਾਂ।
ਹਿਮਾਚਲ ਭਰ ਵਿੱਚ ਵੱਡੇ ਆੰਦੋਲਨ ਦੀ ਚੇਤਾਵਨੀ
ਪ੍ਰਦਰਸ਼ਨ ਦੌਰਾਨ AIDWA ਨੇ ਸਪੱਸ਼ਟ ਕੀਤਾ ਕਿ ਜੇਕਰ ਮੰਗਾਂ ਨਾ ਮਨੀਆਂ ਗਈਆਂ ਤਾਂ ਰਾਜ ਭਰ ਵਿੱਚ ਵਿਆਪਕ ਅੰਦੋਲਨ ਚਲਾਇਆ ਜਾਵੇਗਾ। ਉਨ੍ਹਾਂ ਕਿਹਾ, ਇਹ ਮਾਮਲਾ ਵਿਧਾਨ ਸਭਾ ਤੋਂ ਲੈ ਕੇ ਸੰਸਦ ਤੱਕ ਉਠਾਇਆ ਜਾਵੇਗਾ। ਲੋਕਤੰਤਰ ਵਿੱਚ ਦੋਸ਼ੀ ਲੋਕਾਂ ਲਈ ਕੋਈ ਥਾਂ ਨਹੀਂ। ਦੇਸ਼ ਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਦੁਰਵਿਹਾਰ ਦੇ ਦੋਸ਼ਾਂ ਤਹਿਤ ਬੈਠੇ ਜਨ-ਪ੍ਰਤਿਨਿਧੀ ਕਾਨੂੰਨ ਨੂੰ ਚੁਣੌਤੀ ਦੇ ਰਹੇ ਹਨ।

