ਤੇਲੰਗਾਨਾ :- ਤੇਲੰਗਾਨਾ ਦੀ ਰਾਜਨੀਤੀ ਵਿੱਚ ਇਕ ਨਵਾਂ ਬਹਿਸ ਦਾ ਦਰਵਾਜ਼ਾ ਉਸ ਵੇਲੇ ਖੁਲਿਆ, ਜਦੋਂ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਹੈਦਰਾਬਾਦ ਸਥਿਤ ਅਮਰੀਕੀ ਕੌਂਸਲੇਟ ਨੂੰ ਜਾਣ ਵਾਲੀ ਸੜਕ ਦਾ ਨਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਂ ’ਤੇ ਰੱਖਣ ਦੀ ਪ੍ਰਸਤਾਵਨਾ ਰੱਖ ਦਿੱਤੀ। ਸਰਕਾਰੀ ਸਰੋਤਾਂ ਮੁਤਾਬਕ, ਸੜਕ ਦਾ ਨਾਂ “ਡੋਨਾਲਡ ਟਰੰਪ ਐਵੇਨਿਊ” ਰੱਖਣ ਦਾ ਫੈਸਲਾ ਆਉਣ ਵਾਲੇ ‘ਤੇਲੰਗਾਨਾ ਰਾਈਜ਼ਿੰਗ ਗਲੋਬਲ ਸਮਿਟ’ ਦੌਰਾਨ ਅੰਤਰਰਾਸ਼ਟਰੀ ਧਿਆਨ ਖਿੱਚਣ ਦੀ ਰਣਨੀਤੀ ਦਾ ਹਿੱਸਾ ਹੈ।
ਵਿਸ਼ੇਸ਼ ਕਦਮ : ਮੌਜੂਦਾ ਅਮਰੀਕੀ ਰਾਸ਼ਟਰਪਤੀ ’ਤੇ ਸੜਕ ਦਾ ਨਾਂ
ਜੇਕਰ ਇਹ ਪ੍ਰਸਤਾਵ ਮਨਜ਼ੂਰ ਹੁੰਦਾ ਹੈ, ਤਾਂ ਇਹ ਵਿਸ਼ਵ ਪੱਧਰ ’ਤੇ ਪਹਿਲਾ ਮਾਮਲਾ ਹੋਵੇਗਾ, ਜਦੋਂ ਕਿਸੇ ਦੇਸ਼ ਨੇ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਦੇ ਨਾਂ ’ਤੇ ਸੜਕ ਦਾ ਨਾਂ ਰਖਿਆ ਹੋਵੇ। ਹੈਦਰਾਬਾਦ ਵਿੱਚ ਪਹਿਲਾਂ ਹੀ ਗੂਗਲ ਸਟ੍ਰੀਟ, ਮਾਈਕ੍ਰੋਸਾਫਟ ਰੋਡ ਅਤੇ ਵਿਪਰੋ ਜੰਕਸ਼ਨ ਵਰਗੇ ਨਾਂ ਮੌਜੂਦ ਹਨ, ਜੋ ਸ਼ਹਿਰ ਦੀ ਬਦਲਦੀ ਗਲੋਬਲ ਛਵੀ ਨੂੰ ਦਰਸਾਉਂਦੇ ਹਨ।
ਭਾਜਪਾ ਦੀ ਤਿੱਖੀ ਪ੍ਰਤਿਕ੍ਰਿਆ: “ਪਹਿਲਾਂ ਹੈਦਰਾਬਾਦ ਦਾ ਨਾਂ ਬਦਲੋ”
ਮੁੱਖ ਮੰਤਰੀ ਦੇ ਇਸ ਕਦਮ ’ਤੇ ਭਾਜਪਾ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਕੇਂਦਰੀ ਮੰਤਰੀ ਬੰਦੀ ਸੰਜੇ ਕੁਮਾਰ ਨੇ ਸੋਸ਼ਲ ਮੀਡੀਆ ’ਤੇ ਹਮਲਾ ਕਰਦੇ ਕਿਹਾ ਕਿ ਸਰਕਾਰ ਪਬਲਿਸਿਟੀ ਲਈ ਨਾਂਕਰਨ ਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਤੰਜ ਕੱਸਿਆ ਕਿ ਜੇਕਰ ਨਾਂ ਬਦਲਣਾ ਹੀ ਹੈ, ਤਾਂ ਸਭ ਤੋਂ ਪਹਿਲਾਂ ਹੈਦਰਾਬਾਦ ਦਾ ਨਾਂ “ਭਾਗਿਆਨਗਰ” ਰੱਖਿਆ ਜਾਵੇ, ਜਿਸਦਾ ਇਤਿਹਾਸਕ ਅਧਾਰ ਵੀ ਮੌਜੂਦ ਹੈ।
“ਟ੍ਰੈਂਡਿੰਗ ਸਿਆਸਤ ਨਹੀਂ, ਲੋਕਾਂ ਦੇ ਮੁੱਦੇ ਚੁੱਕੋ”
ਭਾਜਪਾ ਨੇ ਦੋਸ਼ ਲਗਾਇਆ ਕਿ ਕਾਂਗਰਸੀ ਸਰਕਾਰ ਸਮੇਂ-ਸਮੇਂ ’ਤੇ ਚਲ ਰਹੀਆਂ ਟ੍ਰੈਂਡਿੰਗ ਹਸਤੀਆਂ ਦੇ ਨਾਂ ’ਤੇ ਥਾਵਾਂ ਨੂੰ ਨਵਾਂ ਰੂਪ ਦੇ ਰਹੀ ਹੈ, ਜਦਕਿ ਜਨਤਾ ਨਾਲ ਜੁੜੇ ਮੁੱਦੇ ਪਿੱਛੇ ਧੱਕੇ ਜਾ ਰਹੇ ਹਨ। ਬੰਦੀ ਸੰਜੇ ਨੇ ਕੇਟੀਆਰ ਵੱਲੋਂ ਕੇਸੀآਰ ਦੀਆਂ ਏਆਈ ਮੂਰਤੀਆਂ ਬਣਾਉਣ ’ਤੇ ਵੀ ਚੁਟਕੀ ਲੈਂਦੇ ਕਿਹਾ ਕਿ “ਸਿਆਸਤ ਹੁਣ ਸ਼ੋਅਬਾਜ਼ੀ ਬਣ ਗਈ ਹੈ।
”ਅੰਤਰਰਾਸ਼ਟਰੀ ਧਿਆਨ ਦੇ ਚੱਕਰ ਵਿੱਚ ਘਰੇਲੂ ਸਿਆਸਤ ਤਪਦੀ
ਜਿੱਥੇ ਸਰਕਾਰ ਇਸ ਨਾਮਕਰਨ ਨੂੰ ਗਲੋਬਲ ਇਮੇਜ ਦਾ ਹਿੱਸਾ ਬਣਾ ਰਹੀ ਹੈ, ਓਥੇ ਵਿਰੋਧੀ ਧਿਰ ਇਸਨੂੰ ਬੇਮਤਲਬ ਅਤੇ ਬਿਨਾ ਤਰਕ ਵਾਲਾ ਫ਼ੈਸਲਾ ਕਹਿ ਰਹੀ ਹੈ। ਹੁਣ ਸਾਰੇ ਦੀਆਂ ਨਜ਼ਰਾਂ ਇਸ ਗੱਲ ’ਤੇ ਹਨ ਕਿ ਕੀ ਕੈਬਿਨੇਟ ਇਸ ਪ੍ਰਸਤਾਵ ਨੂੰ ਹਰੀ ਝੰਡੀ ਦਿੰਦੀ ਹੈ ਜਾਂ ਇਹ ਮਾਮਲਾ ਹੋਰ ਵੀ ਡੂੰਘੀ ਸਿਆਸੀ ਤਕਰਾਰ ਬਣਦਾ ਹੈ।

