ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿਚ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੇ ਮੌਕੇ ਤੇ ਜਸ਼ਨਾਂ ਦੀ ਰਸਮੀ ਸ਼ੁਰੂਆਤ ਕਰਨਗੇ। ਇਸ ਦੌਰਾਨ ਉਹ ਇੱਕ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕਰਨਗੇ। ਇਹ ਸਮਾਗਮ 7 ਨਵੰਬਰ 2025 ਤੋਂ 7 ਨਵੰਬਰ 2026 ਤੱਕ ਚੱਲਣ ਵਾਲੇ ਸਾਲ ਭਰ ਦੇ ਦੇਸ਼-ਵਿਆਪੀ ਜਸ਼ਨ ਦੀ ਸ਼ੁਰੂਆਤ ਹੋਵੇਗਾ।
ਆਜ਼ਾਦੀ ਅੰਦੋਲਨ ਦੀ ਪ੍ਰੇਰਣਾ ਬਣਿਆ ਗੀਤ
ਵੰਦੇ ਮਾਤਰਮ ਸਿਰਫ਼ ਇੱਕ ਗੀਤ ਨਹੀਂ ਸਗੋਂ ਉਹ ਭਾਵਨਾ ਹੈ ਜਿਸਨੇ ਭਾਰਤ ਦੇ ਆਜ਼ਾਦੀ ਅੰਦੋਲਨ ਨੂੰ ਜੋਸ਼ ਨਾਲ ਭਰਿਆ। ਬੰਕਿਮ ਚੰਦਰ ਚੈਟਰਜੀ ਨੇ 7 ਨਵੰਬਰ 1875 ਨੂੰ ਅਕਸ਼ੈ ਨੌਮੀ ਦੇ ਦਿਨ ਇਹ ਰਚਨਾ ਕੀਤੀ ਸੀ। ਬਾਅਦ ਵਿਚ ਇਹ ਗੀਤ ਉਨ੍ਹਾਂ ਦੇ ਪ੍ਰਸਿੱਧ ਨਾਵਲ ‘ਆਨੰਦਮਠ’ ਦਾ ਹਿੱਸਾ ਬਣਿਆ ਅਤੇ ਸਾਹਿਤਕ ਪੱਤਰ ‘ਬੰਗਦਰਸ਼ਨ’ ਵਿਚ ਪ੍ਰਕਾਸ਼ਿਤ ਹੋਇਆ। ਇਹੀ ਗੀਤ ਆਗੇ ਚੱਲ ਕੇ ਦੇਸ਼ ਦੀ ਏਕਤਾ ਅਤੇ ਆਤਮਗੌਰਵ ਦਾ ਪ੍ਰਤੀਕ ਬਣਿਆ।
ਸਮੂਹਿਕ ਗਾਇਨ ਨਾਲ ਜਸ਼ਨ ਦੀ ਸ਼ੁਰੂਆਤ
ਪ੍ਰਧਾਨ ਮੰਤਰੀ ਦਫ਼ਤਰ ਦੇ ਬਿਆਨ ਅਨੁਸਾਰ, ਮੋਦੀ ਸਵੇਰੇ 9:30 ਵਜੇ ਸਮਾਗਮ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਸਵੇਰੇ 9:50 ਵਜੇ ਦੇਸ਼ ਭਰ ਦੀਆਂ ਜਨਤਕ ਥਾਵਾਂ ‘ਤੇ ‘ਵੰਦੇ ਮਾਤਰਮ’ ਦੇ ਪੂਰੇ ਸੰਸਕਰਣ ਦਾ ਸਮੂਹਿਕ ਗਾਇਨ ਹੋਵੇਗਾ, ਜਿਸ ਵਿਚ ਸਕੂਲੀ ਵਿਦਿਆਰਥੀ, ਸੱਭਿਆਚਾਰਕ ਟੋਲੀਆਂ ਅਤੇ ਵੱਖ-ਵੱਖ ਵਰਗਾਂ ਦੇ ਨਾਗਰਿਕ ਸ਼ਾਮਲ ਹੋਣਗੇ।
ਮੋਦੀ ਦਾ ਸੰਦੇਸ਼: ਗੀਤ ਨੇ ਪੀੜ੍ਹੀਆਂ ਨੂੰ ਜੋੜਿਆ
ਪ੍ਰਧਾਨ ਮੰਤਰੀ ਨੇ X (ਪੁਰਾਣਾ ਟਵਿੱਟਰ) ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਅਸੀਂ ‘ਵੰਦੇ ਮਾਤਰਮ’ ਦੇ ਸ਼ਾਨਦਾਰ 150 ਸਾਲਾਂ ਦਾ ਜਸ਼ਨ ਮਨਾਉਣ ਜਾ ਰਹੇ ਹਾਂ। ਇਹ ਇੱਕ ਪ੍ਰੇਰਣਾਦਾਇਕ ਸੱਦਾ ਹੈ ਜਿਸਨੇ ਪੀੜ੍ਹੀ ਦਰ ਪੀੜ੍ਹੀ ਦੇਸ਼ ਭਗਤੀ ਅਤੇ ਸਮਰਪਣ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ।
ਸਾਲ ਭਰ ਚੱਲਣਗੇ ਸੱਭਿਆਚਾਰਕ ਪ੍ਰੋਗਰਾਮ
ਇਸ ਜਸ਼ਨ ਦੌਰਾਨ ਦੇਸ਼ ਭਰ ਵਿਚ ਕਈ ਪ੍ਰੋਗਰਾਮ ਕਰਵਾਏ ਜਾਣਗੇ। ਸਕੂਲਾਂ, ਯੂਨੀਵਰਸਿਟੀਆਂ ਅਤੇ ਸੱਭਿਆਚਾਰਕ ਕੇਂਦਰਾਂ ਵਿਚ ਵੰਦੇ ਮਾਤਰਮ ਨਾਲ ਜੁੜੇ ਇਤਿਹਾਸਕ ਪ੍ਰਦਰਸ਼ਨ, ਕਵਿਤਾ ਪਾਠ, ਚਿੱਤਰ ਪ੍ਰਦਰਸ਼ਨੀਆਂ ਅਤੇ ਸੰਗੀਤਕ ਸਮਾਗਮ ਆਯੋਜਿਤ ਕੀਤੇ ਜਾਣਗੇ, ਤਾਂ ਜੋ ਨਵੀਂ ਪੀੜ੍ਹੀ ਨੂੰ ਇਸ ਗੀਤ ਦੀ ਮਹੱਤਤਾ ਨਾਲ ਜੋੜਿਆ ਜਾ ਸਕੇ।

