ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਕਸਬਾ ਕਾਂਠ ਵਿੱਚ ਵਾਪਰੀ ਘਟਨਾ ਦੀ ਕੜੀ ਨਿੰਦਾ ਕੀਤੀ ਹੈ, ਜਿੱਥੇ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਕਾਕਾ ਜਪਨ ਸਿੰਘ ਨੂੰ ਬੀਏ ਦੀ ਪ੍ਰੀਖਿਆ ਦੌਰਾਨ ਕਿਰਪਾਨ ਧਾਰਨ ਕਰਨ ਕਾਰਨ ਪੇਪਰ ਦੇਣ ਤੋਂ ਰੋਕਿਆ ਗਿਆ।
ਪੜਤਾਲ ਲਈ ਕਾਲਜ ਭੇਜੀ ਗਈ ਸ਼੍ਰੋਮਣੀ ਕਮੇਟੀ ਦੀ ਟੀਮ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ਼੍ਰੋਮਣੀ ਕਮੇਟੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸਿੱਖ ਮਿਸ਼ਨ ਹਾਪੁੜ ਦੇ ਇੰਚਾਰਜ ਬ੍ਰਿਜਪਾਲ ਸਿੰਘ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਨੂੰ ਸੰਬੰਧਤ ਕਾਲਜ ਵਿੱਚ ਭੇਜਿਆ ਗਿਆ, ਜਿਸ ਨੇ ਘਟਨਾ ਸੰਬੰਧੀ ਹਾਲਾਤਾਂ ਦੀ ਮੌਕੇ ’ਤੇ ਜਾਂਚ ਕੀਤੀ।
ਸਿੱਖ ਧਾਰਮਿਕ ਆਜ਼ਾਦੀ ਨਾਲ ਜੁੜਿਆ ਗੰਭੀਰ ਮਸਲਾ
ਸ਼੍ਰੋਮਣੀ ਕਮੇਟੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਇੱਕ ਵਿਦਿਆਰਥੀ ਨਾਲ ਹੋਏ ਭੇਦਭਾਵ ਦਾ ਨਹੀਂ, ਸਗੋਂ ਸਿੱਖ ਧਾਰਮਿਕ ਆਸਥਾ ਅਤੇ ਸੰਵਿਧਾਨਕ ਹੱਕਾਂ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਕਾਰ ਸਿੱਖ ਜੀਵਨ-ਸ਼ੈਲੀ ਦਾ ਅਟੁੱਟ ਹਿੱਸਾ ਹਨ ਅਤੇ ਭਾਰਤੀ ਸੰਵਿਧਾਨ ਸਿੱਖਾਂ ਨੂੰ ਇਹਨਾਂ ਦੀ ਪਾਲਣਾ ਦੀ ਪੂਰੀ ਆਜ਼ਾਦੀ ਦਿੰਦਾ ਹੈ।
ਦੋਸ਼ੀ ਪ੍ਰਿੰਸੀਪਲ ਤੇ ਅਧਿਆਪਕਾਂ ’ਤੇ ਕਾਰਵਾਈ ਦੀ ਮੰਗ
ਧਾਮੀ ਨੇ ਉੱਤਰ ਪ੍ਰਦੇਸ਼ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜਿੰਨ੍ਹਾਂ ਅਧਿਆਪਕਾਂ ਜਾਂ ਕਾਲਜ ਪ੍ਰਬੰਧਨ ਵੱਲੋਂ ਵਿਦਿਆਰਥੀ ਨੂੰ ਪਰੇਸ਼ਾਨ ਕੀਤਾ ਗਿਆ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸਿੱਖ ਵਿਦਿਆਰਥੀਆਂ ਨੂੰ ਬਾਰ-ਬਾਰ ਨਿਸ਼ਾਨਾ ਬਣਾਉਣ ’ਤੇ ਚਿੰਤਾ
ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਿੱਖ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੌਰਾਨ ਕਕਾਰਾਂ ਦੇ ਨਾਂ ’ਤੇ ਰੋਕਿਆ ਜਾਣਾ ਇੱਕ ਦੁੱਖਦਾਈ ਰੁਝਾਨ ਬਣਦਾ ਜਾ ਰਿਹਾ ਹੈ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਵੀ ਕੇਂਦਰ ਅਤੇ ਸੂਬਾਈ ਸਰਕਾਰਾਂ ਨੂੰ ਕਈ ਵਾਰ ਲਿਖਿਆ ਜਾ ਚੁੱਕਾ ਹੈ, ਪਰ ਇਸ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਯੂਪੀ ਸਰਕਾਰ ਤੱਕ ਮਾਮਲਾ ਚੁੱਕਣ ਦਾ ਐਲਾਨ
ਐਡਵੋਕੇਟ ਧਾਮੀ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਨੂੰ ਉੱਤਰ ਪ੍ਰਦੇਸ਼ ਸਰਕਾਰ ਦੇ ਉੱਚ ਪੱਧਰ ਤੱਕ ਲੈ ਕੇ ਜਾਵੇਗੀ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਸਿੱਖ ਵਿਦਿਆਰਥੀ ਨਾਲ ਅਜਿਹਾ ਵਿਵਹਾਰ ਦੁਬਾਰਾ ਨਾ ਹੋਵੇ।

