ਪਾਕਿਸਤਾਨ ਦਾ ਤੀਜੀ ਧਿਰ ਤੋਂ ਹੱਲ ਲੱਭਣ ‘ਤੇ ਜ਼ੋਰ
ਨਵੀਂ ਦਿੱਲੀ :- ਪਾਕਿਸਤਾਨ ਆਪਣੀਆਂ ਉਕਸਾਉਣ ਵਾਲੀਆਂ ਹਰਕਤਾਂ ਤੋਂ ਹਟਣ ਨੂੰ ਤਿਆਰ ਨਹੀਂ ਦਿਖ ਰਿਹਾ। ਹਾਲ ਹੀ ਵਿੱਚ, ਕਸ਼ਮੀਰ ਮੁੱਦੇ ‘ਤੇ ਇੱਕ ਵਾਰ ਫਿਰ ਗੈਰ-ਜ਼ਿੰਮੇਵਾਰ ਬਿਆਨ ਦੇਂਦੇ ਹੋਏ ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਉਹ ਇਸ ਵਿਵਾਦ ਨੂੰ ਸੁਲਝਾਉਣ ਲਈ ਅਮਰੀਕਾ ਹੀ ਨਹੀਂ, ਸਗੋਂ ਕਿਸੇ ਵੀ ਤੀਜੇ ਦੇਸ਼ ਤੋਂ ਮਦਦ ਲੈਣ ਲਈ ਤਿਆਰ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸ਼ਫਕਤ ਅਲੀ ਖਾਨ ਨੇ ਪ੍ਰੈਸ ਬ੍ਰੀਫਿੰਗ ਦੌਰਾਨ ਕਿਹਾ ਕਿ “ਅਸੀਂ ਕਿਸੇ ਵੀ ਅਜਿਹੇ ਦੇਸ਼ ਦੀ ਸਹਾਇਤਾ ਦਾ ਸਵਾਗਤ ਕਰਾਂਗੇ ਜੋ ਕਸ਼ਮੀਰ ਮਾਮਲੇ ਨੂੰ ਹੱਲ ਕਰਨ ਅਤੇ ਖੇਤਰ ਵਿੱਚ ਸਥਿਰਤਾ ਲਿਆਉਣ ਵਿੱਚ ਮਦਦਗਾਰ ਹੋ ਸਕਦਾ ਹੈ।” ਖਾਨ ਨੇ ਜ਼ੋਰ ਦੇ ਕੇ ਕਿਹਾ ਕਿ ਕਸ਼ਮੀਰ ਵਿਵਾਦ ਦੱਖਣੀ ਏਸ਼ੀਆ ਦੀ ਸ਼ਾਂਤੀ ਅਤੇ ਸੁਰੱਖਿਆ ਦੇ ਕੇਂਦਰ ਵਿੱਚ ਹੈ।
ਉਨ੍ਹਾਂ ਨੇ ਮਈ ਮਹੀਨੇ ਵਿੱਚ ਦੋਵੇਂ ਦੇਸ਼ਾਂ ਵਿਚਕਾਰ ਹੋਏ ਚਾਰ ਦਿਨਾਂ ਦੇ ਟਕਰਾਅ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਤੋਂ ਬਾਅਦ ਕੋਈ ਮਹੱਤਵਪੂਰਣ ਆਪਸੀ ਸੰਪਰਕ ਨਹੀਂ ਹੋਇਆ। ਖਾਨ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਅਮਰੀਕਾ ਦੀ ਦਿਲਚਸਪੀ ਦਾ ਸਵਾਗਤ ਕਰਦਾ ਹੈ, ਪਰ ਅੰਤਿਮ ਫ਼ੈਸਲਾ ਭਾਰਤ ਨੂੰ ਕਰਨਾ ਪਵੇਗਾ। ਇਸ ਵੇਲੇ ਦੋਵੇਂ ਦੇਸ਼ਾਂ ਵਿੱਚ ਸਿਰਫ਼ ਨਿਯਮਤ ਕੂਟਨੀਤਕ ਸੰਪਰਕ ਹੀ ਚੱਲ ਰਹੇ ਹਨ, ਪਰ ਕਿਸੇ ਕਿਸਮ ਦੀ ਵਾਰਤਾਲਾਪ ਨਹੀਂ ਹੋ ਰਹੀ।
ਭਾਰਤ ਦਾ ਤੀਜੀ ਧਿਰ ਦੀ ਵਿਚੋਲਗੀ ਤੋਂ ਸਾਫ਼ ਇਨਕਾਰ
ਦੂਜੇ ਪਾਸੇ, ਭਾਰਤ ਨੇ ਹਮੇਸ਼ਾਂ ਇਹ ਸਪੱਸ਼ਟ ਕੀਤਾ ਹੈ ਕਿ ਪਾਕਿਸਤਾਨ ਨਾਲ ਗੱਲਬਾਤ ਵਿੱਚ ਕਿਸੇ ਤੀਜੇ ਪੱਖ ਦੀ ਸ਼ਮੂਲੀਅਤ ਨਹੀਂ ਹੋਵੇਗੀ। 1972 ਦੇ ਸ਼ਿਮਲਾ ਸਮਝੌਤੇ ਵਿੱਚ ਵੀ ਦੋਵੇਂ ਦੇਸ਼ਾਂ ਵਿਚਕਾਰ ਤੀਜੀ ਧਿਰ ਦੀ ਦਖ਼ਲਅੰਦਾਜ਼ੀ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਗਿਆ ਸੀ। ਭਾਰਤ ਦਾ ਸਾਫ਼ ਕਹਿਣਾ ਹੈ ਕਿ ਵਾਰਤਾਲਾਪ ਸਿਰਫ਼ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੀ ਵਾਪਸੀ ਅਤੇ ਅੱਤਵਾਦ ਖ਼ਾਤਮੇ ‘ਤੇ ਹੀ ਹੋਵੇਗੀ।
ਖਾਨ ਨੇ ਖੈਬਰ-ਪਖ਼ਤੂਨਖ਼ਵਾ ਅਤੇ ਬਲੋਚਿਸਤਾਨ ਵਿੱਚ ਅੱਤਵਾਦੀ ਗਤੀਵਿਧੀਆਂ ‘ਤੇ ਵੀ ਟਿੱਪਣੀ ਕੀਤੀ ਅਤੇ ਕਿਹਾ ਕਿ ਅਫਗਾਨਿਸਤਾਨ ਤੋਂ ਫੈਲ ਰਹੇ ਅੱਤਵਾਦ ਦੇ ਮੁੱਦੇ ਨੂੰ ਕਈ ਵਾਰ ਉਠਾਇਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਖਣਿਜ ਕੱਢਣ ਲਈ ਅਮਰੀਕਾ ਨਾਲ ਕਿਸੇ ਗੁਪਤ ਸਮਝੌਤੇ ਦੀਆਂ ਰਿਪੋਰਟਾਂ ਨੂੰ ਗਲਤ ਕਰਾਰ ਦਿੱਤਾ। ਯੂਕ੍ਰੇਨ ਸੰਘਰਸ਼ ਵਿੱਚ ਪਾਕਿਸਤਾਨੀ ਨਾਗਰਿਕਾਂ ਦੀ ਸ਼ਮੂਲੀਅਤ ਦੇ ਦੋਸ਼ਾਂ ਨੂੰ ਵੀ ਉਨ੍ਹਾਂ ਨੇ “ਬੇਬੁਨਿਆਦ” ਦੱਸਿਆ ਅਤੇ ਕਿਹਾ ਕਿ ਇਸ ਮੁੱਦੇ ‘ਤੇ ਯੂਕ੍ਰੇਨੀ ਅਧਿਕਾਰੀਆਂ ਵੱਲੋਂ ਪਾਕਿਸਤਾਨ ਨਾਲ ਕੋਈ ਰਸਮੀ ਸੰਪਰਕ ਨਹੀਂ ਕੀਤਾ ਗਿਆ।