ਅਮਰੀਕਾ ਵਿੱਚ ਬੈਠੇ ਮੁਨੀਰ ਦੀ ਗਿੱਦੜ ਧਮਕੀ
ਨਵੀਂ ਦਿੱਲੀ :- ਇਨ੍ਹੀਂ ਦਿਨੀਂ ਪਾਕਿਸਤਾਨ ਦੇ ਫੌਜ ਮੁਖੀ ਅਤੇ ਫੀਲਡ ਮਾਰਸ਼ਲ ਅਸੀਮ ਮੁਨੀਰ ਲਗਾਤਾਰ ਅਮਰੀਕਾ ਦੇ ਚੱਕਰ ਕੱਟ ਰਹੇ ਹਨ, ਜਿੱਥੇ ਉਹ ਆਪਣੇ ਨਵੇਂ “ਬੌਸ” ਮੰਨੇ ਜਾ ਰਹੇ ਡੋਨਾਲਡ ਟਰੰਪ ਨਾਲ ਮਿਲਣ ਪਹੁੰਚਦੇ ਹਨ। ਅਮਰੀਕੀ ਹਿਮਾਇਤ ਦੇ ਸਹਾਰੇ, ਹੁਣ ਉਹ ਖੁੱਲ੍ਹੇਆਮ ਦੁਨੀਆ ਅਤੇ ਖ਼ਾਸ ਕਰਕੇ ਭਾਰਤ ਵਿਰੁੱਧ ਗਿੱਦੜ ਧਮਕੀਆਂ ਦੇਣ ਲੱਗ ਪਏ ਹਨ।
10 ਅਗਸਤ 2025 ਨੂੰ ਫਲੋਰੀਡਾ ਦੇ ਟੈਂਪਾ ਵਿੱਚ ਆਯੋਜਿਤ ਇੱਕ ਨਿੱਜੀ ਡਿਨਰ ਦੌਰਾਨ, ਮੁਨੀਰ ਨੇ ਕਿਹਾ ਕਿ ਜੇਕਰ ਪਾਕਿਸਤਾਨ ਭਾਰਤ ਨਾਲ ਯੁੱਧ ਦੇ ਕੰਢੇ ‘ਤੇ ਪਹੁੰਚਦਾ ਹੈ, ਤਾਂ ਉਹ “ਅੱਧੀ ਦੁਨੀਆ” ਨੂੰ ਆਪਣੇ ਨਾਲ ਡੁਬੋ ਦੇਵੇਗਾ। ਉਸਨੇ ਖੁੱਲ੍ਹੇ ਤੌਰ ‘ਤੇ ਐਲਾਨ ਕੀਤਾ ਕਿ ਪਾਕਿਸਤਾਨ ਇੱਕ ਪ੍ਰਮਾਣੂ ਸ਼ਕਤੀ ਹੈ ਅਤੇ ਲੋੜ ਪੈਣ ‘ਤੇ ਆਪਣੇ ਹਥਿਆਰ ਵਰਤਣ ਤੋਂ ਨਹੀਂ ਪਿੱਛੇ ਹਟਣਗੇ।
ਸਿੰਧੂ ਨਦੀ ਦੇ ਡੈਮ ਅਤੇ ਪੁਲ ਬਣੇ ਨਿਸ਼ਾਨੇ
ਮੁਨੀਰ ਨੇ ਸਿੰਧੂ ਨਦੀ ‘ਤੇ ਭਾਰਤ ਵੱਲੋਂ ਬਣਾਏ ਜਾਣ ਵਾਲੇ ਕਿਸੇ ਵੀ ਭਵਿੱਖ ਦੇ ਡੈਮ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ। ਉਸਨੇ ਕਿਹਾ ਕਿ ਜੇ ਭਾਰਤ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਦਾ ਹੈ, ਤਾਂ ਲੱਖਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਸਕਦੇ ਹਨ। ਇਸ ਤੋਂ ਇਲਾਵਾ, ਉਸਨੇ ਦਾਅਵਾ ਕੀਤਾ ਕਿ ਪਾਕਿਸਤਾਨ ਭਾਰਤ ਦੁਆਰਾ ਪੁਲ ਬਣਾਉਣ ਦੀ ਉਡੀਕ ਕਰੇਗਾ ਅਤੇ ਫਿਰ “ਦੱਸ ਮਿਜ਼ਾਈਲਾਂ ਨਾਲ ਉਹਨਾਂ ਨੂੰ ਤਬਾਹ ਕਰ ਦੇਵੇਗਾ।”
ਮੁਨੀਰ ਨੇ ਭਾਰਤ ਬਾਰੇ ਇਕ ਕੱਚੀ ਉਦਾਹਰਣ ਦਿੰਦਿਆਂ ਕਿਹਾ ਕਿ “ਭਾਰਤ ਇੱਕ ਚਮਕਦਾਰ ਮਰਸੀਡੀਜ਼ ਹੈ ਜੋ ਫੇਰਾਰੀ ਵਾਂਗ ਹਾਈਵੇਅ ‘ਤੇ ਆ ਰਹੀ ਹੈ, ਪਰ ਅਸੀਂ ਬੱਜਰੀ ਨਾਲ ਭਰਿਆ ਡੰਪ ਟਰੱਕ ਹਾਂ। ਜੇ ਇਹ ਦੋਵੇਂ ਟਕਰਾ ਜਾਣ, ਤਾਂ ਨੁਕਸਾਨ ਕਿਸਨੂੰ ਹੋਵੇਗਾ?”
ਇਹ ਦੌਰਾ ਮੁਨੀਰ ਦਾ ਆਪ੍ਰੇਸ਼ਨ “ਸਿੰਦੂਰ” ਤੋਂ ਬਾਅਦ ਦੂਜਾ ਅਮਰੀਕੀ ਦੌਰਾ ਸੀ। ਉਹ ਟੈਂਪਾ ਵਿੱਚ ਅਮਰੀਕੀ ਸੈਂਟਰਲ ਕਮਾਂਡ ਦੀ ਕਮਾਂਡ ਬਦਲੀ ਸਮਾਰੋਹ ਵਿੱਚ ਸ਼ਾਮਲ ਹੋਣ ਪਹੁੰਚਿਆ, ਜਿੱਥੇ ਉਸਦੀ ਮੁਲਾਕਾਤ ਅਮਰੀਕੀ ਫੌਜ ਦੇ ਉੱਚ ਅਧਿਕਾਰੀਆਂ, ਸਮੇਤ ਸੰਯੁਕਤ ਮੁਖੀਆਂ ਦੇ ਚੇਅਰਮੈਨ ਜਨਰਲ ਡੈਨ ਕੇਨ ਨਾਲ ਹੋਈ।