ਨਵੀਂ ਦਿੱਲੀ :- ਦੇਸ਼ ਅੱਜ 77ਵਾਂ ਗਣਤੰਤਰ ਦਿਵਸ ਪੂਰੇ ਗੌਰਵ ਅਤੇ ਦੇਸ਼ਭਗਤੀ ਦੇ ਮਾਹੌਲ ਵਿੱਚ ਮਨਾ ਰਿਹਾ ਹੈ। ਰਾਸ਼ਟਰੀ ਸਮਾਰੋਹ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਰਤੱਵਯ ਪਥ ’ਤੇ ਰਾਸ਼ਟਰੀ ਤਿਰੰਗਾ ਲਹਿਰਾਇਆ। ਝੰਡਾ ਲਹਿਰਾਉਣ ਮਗਰੋਂ ਰਾਸ਼ਟਰੀ ਗੀਤ ਵਜਾਇਆ ਗਿਆ ਅਤੇ ਤਿੰਨਾਂ ਫੌਜਾਂ ਵੱਲੋਂ ਰਾਸ਼ਟਰਪਤੀ ਨੂੰ ਸਲਾਮੀ ਦਿੱਤੀ ਗਈ।
ਪਰੇਡ ਰਾਹੀਂ ਫੌਜੀ ਤਾਕਤ ਤੇ ਸੱਭਿਆਚਾਰਕ ਵਿਰਾਸਤ ਦਾ ਸ਼ਾਨਦਾਰ ਪ੍ਰਦਰਸ਼ਨ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪਰੇਡ ਦੀ ਸਲਾਮੀ ਲਈ, ਜਿਸ ਦੌਰਾਨ ਭਾਰਤੀ ਥਲ ਸੈਨਾ, ਨੇਵੀ ਅਤੇ ਹਵਾਈ ਸੈਨਾ ਦੀ ਅਨੁਸ਼ਾਸਨਬੱਧ ਤੁਕੜੀਆਂ ਨੇ ਕਦਮਤਾਲ ਕੀਤੀ। ਪਰੇਡ ਵਿੱਚ ਆਧੁਨਿਕ ਹਥਿਆਰਾਂ, ਫੌਜੀ ਵਾਹਨਾਂ ਅਤੇ ਦੇਸ਼ ਦੀ ਸੱਭਿਆਚਾਰਕ ਝਲਕ ਪੇਸ਼ ਕਰਨ ਵਾਲੀਆਂ ਝਾਂਕੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ।
ਯੁੱਧ ਸਮਾਰਕ ’ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ
ਰਾਸ਼ਟਰੀ ਸਮਾਰੋਹ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਯੁੱਧ ਸਮਾਰਕ ਦਾ ਦੌਰਾ ਕਰਕੇ ਦੇਸ਼ ਦੀ ਰੱਖਿਆ ਲਈ ਬਲਿਦਾਨ ਦੇਣ ਵਾਲੇ ਅਮਰ ਸ਼ਹੀਦਾਂ ਨੂੰ ਨਮਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਆਪਣੀ ਆਜ਼ਾਦੀ ਅਤੇ ਲੋਕਤੰਤਰ ਦੀ ਰੱਖਿਆ ਕਰਨ ਵਾਲੇ ਹਰ ਸਿਪਾਹੀ ਦੇ ਤਿਆਗ ਨੂੰ ਕਦੇ ਨਹੀਂ ਭੁੱਲ ਸਕਦਾ।