ਟਰੰਪ ਦੀ ਧਮਕੀ ’ਤੇ ਨਿੱਕੀ ਹੇਲੀ ਨੇ ਭਾਰਤ ਲਈ ਕੀਤੀ ਆਵਾਜ਼ ਬੁਲੰਦ
ਅਮਰੀਕਾ ਦੀ ਭਾਰਤੀ ਮੂਲ ਦੀ ਰਿਪਬਲਿਕਨ ਨੇਤਾ ਨਿੱਕੀ ਹੇਲੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ ਵਾਲੀ ਧਮਕੀ ’ਤੇ ਭਾਰਤ ਦੇ ਹੱਕ ’ਚ ਆਵਾਜ਼ ਚੁੱਕੀ ਹੈ। ਉਸਨੇ ਕਿਹਾ ਕਿ ਅਮਰੀਕਾ ਨੂੰ ਭਾਰਤ ਵਰਗੇ ਮਜ਼ਬੂਤ ਭਾਈਵਾਲ ਨਾਲ ਰਿਸ਼ਤੇ ਵਿਗਾੜਨ ਦੀ ਬਜਾਏ ਚੀਨ ਵੱਲ ਸਖ਼ਤੀ ਵਧਾਉਣੀ ਚਾਹੀਦੀ ਹੈ।
ਉਸਨੇ ਆਪਣੇ ਅਧਿਕਾਰਿਕ ‘ਐਕਸ’ (ਟਵਿੱਟਰ) ਹੈਂਡਲ ‘ਤੇ ਲਿਖਿਆ, “ਭਾਰਤ ਨੂੰ ਰੂਸ ਤੋਂ ਤੇਲ ਨਹੀਂ ਖਰੀਦਣਾ ਚਾਹੀਦਾ, ਪਰ ਚੀਨ — ਜੋ ਕਿ ਵਿਰੋਧੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ — ਉਸ ਨੂੰ 90 ਦਿਨਾਂ ਲਈ ਟੈਰਿਫ ਤੋਂ ਛੂਟ ਮਿਲੀ ਹੋਈ ਹੈ। ਇਹ ਗਲਤ ਹੈ।”
ਚੀਨ ਨੂੰ ਛੁੱਟ, ਭਾਰਤ ਤੇ ਸਖ਼ਤੀ – ਹੇਲੀ ਨੇ ਟਰੰਪ ਦੀ ਨੀਤੀ ਨੂੰ ਲਿਆ ਘੇਰੇ ਵਿਚ
ਨਿੱਕੀ ਹੇਲੀ ਨੇ ਸਾਫ਼ ਕਿਹਾ ਕਿ ਭਾਰਤ ਨਾਲ ਸੰਬੰਧ ਕਾਇਮ ਰੱਖਣਾ ਅਮਰੀਕਾ ਲਈ ਲਾਭਕਾਰੀ ਹੈ। “ਚੀਨ ਨੂੰ ਰਿਆਇਤਾਂ ਨਹੀਂ ਮਿਲਣੀਆਂ ਚਾਹੀਦੀਆਂ, ਅਤੇ ਭਾਰਤ ਵਰਗੇ ਸਹਿਯੋਗੀ ਨਾਲ ਸਖ਼ਤੀ ਨਹੀਂ ਹੋਣੀ ਚਾਹੀਦੀ।”
ਉਨ੍ਹਾਂ ਦੀ ਇਹ ਟਿੱਪਣੀ ਉਸ ਵੇਲੇ ਆਈ, ਜਦੋਂ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਇੱਕ ਚੰਗਾ ਵਪਾਰਕ ਭਾਈਵਾਲ ਨਹੀਂ ਰਿਹਾ। ਟਰੰਪ ਨੇ ਇਤਹਾਸਕ ਰੂਪ ‘ਚ ਵਧੇਰੇ ਟੈਰਿਫ ਲਗਾਉਣ ਦੀ ਚੇਤਾਵਨੀ ਦਿੱਤੀ ਹੈ। “ਅਸੀਂ 25% ਦਰ ਰੱਖੀ ਹੈ, ਪਰ ਮੈਂ ਸੋਚ ਰਿਹਾ ਹਾਂ ਕਿ ਅਗਲੇ 24 ਘੰਟਿਆਂ ਵਿੱਚ ਇਸਨੂੰ ਹੋਰ ਵਧਾ ਦਿੱਤਾ ਜਾਵੇ,” ਟਰੰਪ ਨੇ ਕਿਹਾ।