ਚੰਡੀਗੜ੍ਹ :- ਪਾਕਿਸਤਾਨ ਵਿੱਚ ਰਹਿ ਰਹੀ ਪੰਜਾਬੀ ਮਹਿਲਾ ਸਰਬਜੀਤ ਕੌਰ ਨਾਲ ਸੰਬੰਧਤ ਇੱਕ ਨਵਾਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਹੋਰ ਗਹਿਰਾ ਗਿਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਉਹ ਆਪਣੇ ਪਤੀ ਨਾਸਿਰ ਹੁਸੈਨ ਦੇ ਨਾਲ ਦਿਖਾਈ ਦੇ ਰਹੀ ਹੈ। ਜਾਣਕਾਰੀ ਅਨੁਸਾਰ ਇਹ ਵੀਡੀਓ ਇੱਕ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਬਣਾਈ ਗਈ ਹੈ, ਜਿਸ ਵਿੱਚ ਸਰਬਜੀਤ ਵੱਲੋਂ ਕੀਤੀਆਂ ਗਈਆਂ ਕੁਝ ਟਿੱਪਣੀਆਂ ਨੂੰ ਲੈ ਕੇ ਵੱਖ-ਵੱਖ ਵਰਗਾਂ ਵੱਲੋਂ ਤਿੱਖੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ।
ਬਿਆਨਾਂ ਕਾਰਨ ਮਾਮਲਾ ਹੋਇਆ ਗਰਮ
ਵੀਡੀਓ ਦੌਰਾਨ ਸਰਬਜੀਤ ਵੱਲੋਂ ਕੀਤੀਆਂ ਕੁਝ ਗੱਲਾਂ ਨੂੰ ਕਈ ਲੋਕਾਂ ਨੇ ਸਿੱਖ ਭਾਈਚਾਰੇ ਲਈ ਅਪਮਾਨਜਨਕ ਦੱਸਿਆ ਹੈ। ਇਸ ਕਾਰਨ ਸੋਸ਼ਲ ਮੀਡੀਆ ’ਤੇ ਇਸ ਮਾਮਲੇ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਇਸ ਤੋਂ ਪਹਿਲਾਂ ਵੀ ਉਸ ਨਾਲ ਸੰਬੰਧਿਤ ਕੁਝ ਹੋਰ ਵੀਡੀਓ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚ ਕੁਝ ਵਿਅਕਤੀਆਂ ਵੱਲੋਂ ਉਸਦਾ ਸਮਰਥਨ ਕਰਨ ਦੀਆਂ ਗੱਲਾਂ ਵੀ ਕਹੀਆਂ ਗਈਆਂ ਸਨ।
ਪਹਿਲੇ ਪਤੀ ਵੱਲੋਂ ਅਦਾਲਤ ਦਾ ਰੁਖ
ਦੂਜੇ ਪਾਸੇ ਸਰਬਜੀਤ ਦੇ ਪਹਿਲੇ ਪਤੀ ਕਰਨੈਲ ਸਿੰਘ ਨੇ ਲਾਹੌਰ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਗੰਭੀਰ ਦੋਸ਼ ਲਗਾਏ ਹਨ। ਉਸਦਾ ਕਹਿਣਾ ਹੈ ਕਿ ਪਾਕਿਸਤਾਨੀ ਨਾਗਰਿਕ ਨਾਸਿਰ ਹੁਸੈਨ ਨੇ ਸਰਬਜੀਤ ਨੂੰ ਪਾਕਿਸਤਾਨ ਆਉਣ ਲਈ ਦਬਾਅ ਪਾਇਆ ਅਤੇ ਉਸ ਤੋਂ ਬਾਅਦ ਉਸ ਨਾਲ ਜ਼ਬਰਦਸਤੀ ਨਿਕਾਹ ਕੀਤਾ ਗਿਆ। ਇਸ ਸਬੰਧੀ ਉਸ ਨੇ ਅਦਾਲਤ ਵਿੱਚ ਮਾਮਲਾ ਦਰਜ ਕਰਵਾਉਂਦਿਆਂ ਨਿਆਂ ਦੀ ਮੰਗ ਕੀਤੀ ਹੈ ਅਤੇ ਸਰਬਜੀਤ ਦੀ ਭਾਰਤ ਵਾਪਸੀ ਲਈ ਅਪੀਲ ਕੀਤੀ ਹੈ।
ਅਦਾਲਤ ਵੱਲੋਂ ਦਸਤਾਵੇਜ਼ ਤਲਬ
ਇਸ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਸੰਬੰਧਿਤ ਧਿਰਾਂ ਤੋਂ ਸਾਰੇ ਜ਼ਰੂਰੀ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਹੈ। ਉਧਰ ਸਰਬਜੀਤ ਅਤੇ ਉਸਦਾ ਪਤੀ ਨਾਸਿਰ ਹੁਸੈਨ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਵੀ ਆਪਣਾ ਪੱਖ ਰੱਖ ਰਹੇ ਹਨ। ਮਾਮਲੇ ਨੂੰ ਲੈ ਕੇ ਦੋਵੇਂ ਦੇਸ਼ਾਂ ਵਿੱਚ ਚਰਚਾ ਜਾਰੀ ਹੈ ਅਤੇ ਅਗਲੇ ਕਦਮਾਂ ’ਤੇ ਸਭ ਦੀ ਨਜ਼ਰ ਟਿਕੀ ਹੋਈ ਹੈ।

