ਚੰਡੀਗੜ੍ਹ :- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਨਪੁੰਸਕਤਾ ਨਾਲ ਜੁੜੇ ਮਾਮਲੇ ਵਿੱਚ ਇੱਕ ਵਾਰ ਫਿਰ ਕਾਰਵਾਈ ਤੇਜ਼ ਹੋ ਗਈ ਹੈ। ਕੇਸ ਦੇ ਮੁੱਖ ਗਵਾਹ ਦੇ ਬਿਆਨ ਹੁਣ ਭਾਰਤ ਨਹੀਂ, ਸਗੋਂ ਅਮਰੀਕਾ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਦਰਜ ਕੀਤੇ ਜਾਣਗੇ, ਜਿਸ ਨਾਲ ਰਾਮ ਰਹੀਮ ਲਈ ਕਾਨੂੰਨੀ ਦਬਾਅ ਹੋਰ ਵਧ ਗਿਆ ਹੈ।
ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਤੋਂ ਹੋਵੇਗੀ ਗਵਾਹੀ
ਸੀਬੀਆਈ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਅਮਰੀਕਾ ਦੇ ਨਿਊਯਾਰਕ ਵਿੱਚ ਸਥਿਤ ਭਾਰਤੀ ਕੌਂਸਲੇਟ ਜਨਰਲ ਨੇ ਆਪਣੀ ਇਮਾਰਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੁੱਛਗਿੱਛ ਦੀ ਸਹੂਲਤ ਦੇਣ ਲਈ ਮਨਜ਼ੂਰੀ ਦੇ ਦਿੱਤੀ ਹੈ। ਪਹਿਲਾਂ ਇਸ ਕ੍ਰਾਸ ਐਗਜ਼ਾਮੀਨੇਸ਼ਨ ਲਈ 8 ਅਤੇ 9 ਜਨਵਰੀ ਦੀਆਂ ਤਰੀਕਾਂ ਤੈਅ ਕੀਤੀਆਂ ਗਈਆਂ ਸਨ।
ਗਵਾਹ ਵੱਲੋਂ ਮਿਆਦ ਵਧਾਉਣ ਦੀ ਮੰਗ
ਅਮਰੀਕਾ ਵਿੱਚ ਰਹਿ ਰਹੇ ਮੁੱਖ ਗਵਾਹ ਨੇ ਆਪਣੇ ਵਕੀਲ ਦੇ ਰਾਹੀਂ ਅਦਾਲਤ ਵਿੱਚ ਅਰਜ਼ੀ ਦਾਇਰ ਕਰਦੇ ਹੋਏ ਪੁੱਛਗਿੱਛ ਨੂੰ ਮਾਰਚ 2026 ਦੇ ਪਹਿਲੇ ਹਫ਼ਤੇ ਤੱਕ ਟਾਲਣ ਦੀ ਮੰਗ ਕੀਤੀ ਹੈ। ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਉਸ ਦੀਆਂ ਅੱਖਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਡਾਕਟਰਾਂ ਨੇ ਲੰਬੇ ਸਮੇਂ ਤੱਕ ਸਕ੍ਰੀਨ ਸਾਹਮਣੇ ਨਾ ਬੈਠਣ ਦੀ ਸਲਾਹ ਦਿੱਤੀ ਹੈ।
ਦਬਾਅ ਦੀ ਗੱਲ ਵੀ ਰੱਖੀ ਅਦਾਲਤ ਅੱਗੇ
ਗਵਾਹ ਨੇ ਅਦਾਲਤ ਨੂੰ ਇਹ ਵੀ ਅਗਾਹ ਕੀਤਾ ਹੈ ਕਿ ਮੁਲਜ਼ਮ ਸਮਾਜਿਕ ਤੇ ਸਿਆਸੀ ਪੱਧਰ ’ਤੇ ਕਾਫ਼ੀ ਪ੍ਰਭਾਵ ਰੱਖਦਾ ਹੈ ਅਤੇ ਉਸ ’ਤੇ ਸੱਚੀ ਗਵਾਹੀ ਨਾ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਉਸ ਨੇ ਬੇਨਤੀ ਕੀਤੀ ਹੈ ਕਿ ਪੁੱਛਗਿੱਛ ਦੀ ਪ੍ਰਕਿਰਿਆ ਲਗਾਤਾਰ ਪੰਜ ਦਿਨਾਂ ਵਿੱਚ ਪੂਰੀ ਕਰਵਾਈ ਜਾਵੇ।
ਹਾਈ ਕੋਰਟ ਤੇ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ
ਰਾਮ ਰਹੀਮ ਵੱਲੋਂ ਅਮਰੀਕਾ ਤੋਂ ਗਵਾਹੀ ਕਰਵਾਉਣ ਦੇ ਹੁਕਮਾਂ ਨੂੰ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ, ਪਰ ਦੋਵੇਂ ਅਦਾਲਤਾਂ ਤੋਂ ਕੋਈ ਰਾਹਤ ਨਹੀਂ ਮਿਲੀ।
ਸੀਬੀਆਈ ਨੇ ਅਦਾਲਤ ਨੂੰ ਦਿੱਤੀ ਸੀ ਜਾਣਕਾਰੀ
ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਬਾਅਦ ਸੀਬੀਆਈ ਨੇ 19 ਦਸੰਬਰ ਨੂੰ ਅਦਾਲਤ ਨੂੰ ਸੂਚਿਤ ਕੀਤਾ ਸੀ ਕਿ ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਇਸ ਸੰਵੇਦਨਸ਼ੀਲ ਕ੍ਰਾਸ ਐਗਜ਼ਾਮੀਨੇਸ਼ਨ ਦੀ ਮੇਜ਼ਬਾਨੀ ਲਈ ਤਿਆਰ ਹੈ।
ਕੇਸ ਦੇ ਨਤੀਜੇ ਲਈ ਅਹਿਮ ਮੰਨੀ ਜਾ ਰਹੀ ਗਵਾਹੀ
ਕਾਨੂੰਨੀ ਮਾਹਿਰਾਂ ਦੇ ਮਤਾਬਕ ਮੁੱਖ ਗਵਾਹ ਦੀ ਗਵਾਹੀ ਇਸ ਮਾਮਲੇ ਦਾ ਰੁਖ ਤੈਅ ਕਰਨ ਵਿੱਚ ਕੇਂਦਰੀ ਭੂਮਿਕਾ ਨਿਭਾਏਗੀ। ਇਸ ਕਾਰਵਾਈ ਦੌਰਾਨ ਗਵਾਹ ਨੇ ਆਪਣੇ ਵਕੀਲ ਦੀ ਮੌਜੂਦਗੀ ਵੀ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ, ਜਿਸ ਨਾਲ ਕੇਸ ਹੋਰ ਵੀ ਸੰਵੇਦਨਸ਼ੀਲ ਬਣ ਗਿਆ ਹੈ।

