ਚੰਡੀਗੜ੍ਹ :- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਈ 2022 ‘ਚ ਹੋਈ ਹੱਤਿਆ ਸਬੰਧੀ ਇੱਕ ਵਾਰ ਫਿਰ ਚੌਂਕਾਣ ਵਾਲਾ ਦਾਅਵਾ ਸਾਹਮਣੇ ਆਇਆ ਹੈ। ਪਾਕਿਸਤਾਨੀ ਡੌਨ ਸ਼ਹਜਾਦ ਭੱਟੀ ਨੇ ਇੱਕ ਪੌਡਕਾਸਟ ਗੱਲਬਾਤ ਦੌਰਾਨ ਕਿਹਾ ਕਿ ਮੂਸੇਵਾਲਾ ਕਤਲ ਸਿਰਫ ਲੌਰੈਂਸ ਗੈਂਗ ਦੀ ਯੋਜਨਾ ਨਹੀਂ ਸੀ, ਸਗੋਂ ਇਸ ‘ਚ ਕੁਝ ਰਾਜਨੇਤਾ ਤੇ ਸਰਕਾਰੀ ਲੋਕਾਂ ਦਾ ਹੱਥ ਵੀ ਸੀ। ਭੱਟੀ ਦੇ ਮੁਤਾਬਕ, ਸ਼ੁਰੂਆਤ ਵਿੱਚ ਮੂਸੇਵਾਲਾ ਤੇ ਲੌਰੈਂਸ ਦੇ ਰਿਸ਼ਤੇ ਦੋਸਤਾਨੇ ਸਨ ਅਤੇ ਮੂਸੇਵਾਲਾ ਉਸਨੂੰ ਪੈਸੇ ਵੀ ਭੇਜਦਾ ਸੀ। ਪਰ ਜਦੋਂ ਲੌਰੈਂਸ ਦੀਆਂ ਮੰਗਾਂ ਵੱਧ ਗਈਆਂ ਤਾਂ ਦੋਸਤੀ ਦੁਸ਼ਮਨੀ ਵਿੱਚ ਬਦਲ ਗਈ। ਭੱਟੀ ਦਾ ਦਾਅਵਾ ਹੈ ਕਿ ਵਿਦੇਸ਼ ‘ਚ ਬੈਠੇ ਲੌਰੈਂਸ ਦੇ ਦੋਸਤਾਂ ਨੇ ਹੀ ਮੂਸੇਵਾਲਾ ਨੂੰ ਮਰਵਾਉਣ ਦੀ ਸਾਜਿਸ਼ ਰਚੀ।
ਸਰਕਾਰੀ ਏਜੰਸੀਆਂ ਦੀ ਭੂਮਿਕਾ ਅਤੇ ਧਮਕੀਆਂ
ਸਹਿਜਾਦ ਭੱਟੀ ਨੇ ਪੌਡਕਾਸਟ ਦੌਰਾਨ ਇਹ ਵੀ ਕਿਹਾ ਕਿ ਲੌਰੈਂਸ ਖੁਦ ਸਿੱਧੇ ਤੌਰ ‘ਤੇ ਕੋਈ ਵਾਰਦਾਤ ਨਹੀਂ ਕਰਦਾ, ਸਗੋਂ ਸਾਰੀ ਕਾਰਵਾਈਆਂ ਸਰਕਾਰੀ ਏਜੰਸੀਆਂ ਰਾਹੀਂ ਹੁੰਦੀਆਂ ਹਨ ਅਤੇ ਆਖ਼ਰ ‘ਚ ਲੌਰੈਂਸ ਸਿਰਫ ਜ਼ਿੰਮੇਵਾਰੀ ਲੈ ਲੈਂਦਾ ਹੈ। ਉਸ ਨੇ ਖੁਲਾਸਾ ਕੀਤਾ ਕਿ ਪਿਛਲੇ ਡੇਢ ਸਾਲ ਤੋਂ ਉਸਨੂੰ ਲਗਾਤਾਰ ਮਾਰਨ ਦੀਆਂ ਧਮਕੀਆਂ ਆ ਰਹੀਆਂ ਹਨ। ਇਸਦੇ ਨਾਲ ਹੀ ਉਸ ਨੇ ਮੂਸੇਵਾਲਾ ਦੇ ਨਾਲ-ਨਾਲ ਬਾਬਾ ਸਿਦੀਕੀ ਦੀ ਹੱਤਿਆ ਦੇ ਰਾਜ਼ ਖੋਲ੍ਹਣ ਦੀ ਗੱਲ ਵੀ ਕੀਤੀ।
ਟਿਕਟੌਕ ਤੋਂ ਕਸ਼ਮੀਰ ਤੱਕ ਟੁੱਟੇ ਰਿਸ਼ਤੇ
ਭੱਟੀ ਨੇ ਦੱਸਿਆ ਕਿ ਉਹਨਾਂ ਦੀ ਲੌਰੈਂਸ ਨਾਲ ਮੁਲਾਕਾਤ ਟਿਕਟੌਕ ‘ਤੇ ਭਾਰਤੀ ਯੂਜ਼ਰਾਂ ਵੱਲੋਂ ਮੱਕਾ-ਮਦੀਨਾ ਦੀਆਂ ਤਸਵੀਰਾਂ ਨਾਲ ਅਪਮਾਨਜਨਕ ਸ਼ਬਦ ਵਰਤਣ ਤੋਂ ਬਾਅਦ ਹੋਈ। ਉਸ ਸਮੇਂ ਉਹਨਾਂ ਨੇ ਅਮਰੀਕਾ ਰਾਹੀਂ ਲੌਰੈਂਸ ਨਾਲ ਸੰਪਰਕ ਕੀਤਾ ਅਤੇ ਧਮਕੀਆਂ ਦਵਾਈਆਂ, ਜਿਸ ਨਾਲ ਦੋਸਤੀ ਹੋਰ ਗਹਿਰੀ ਹੋ ਗਈ। ਪਰ ਬਾਅਦ ‘ਚ ਰਿਸ਼ਤਿਆਂ ਵਿੱਚ ਦਰਾਰ ਆ ਗਈ, ਜਦੋਂ ਲੌਰੈਂਸ ਗੈਂਗ ਨੇ ਇਹ ਦਾਅਵਾ ਕੀਤਾ ਕਿ ਪਾਕਿਸਤਾਨ ਤੋਂ ਆਏ ਮੁਸਲਿਮ ਕਸ਼ਮੀਰ ਵਿੱਚ ਹਮਲੇ ਕਰਵਾਂਦੇ ਹਨ ਅਤੇ ਇਸ ਦੇ ਜਵਾਬ ‘ਚ ਉਹ ਪਾਕਿਸਤਾਨ ਵਿੱਚ ਦਾਖ਼ਲ ਹੋ ਕੇ ਲੱਖਾਂ ਮੁਸਲਿਮਾਂ ਨੂੰ ਮਾਰਨ ਦੀ ਗੱਲ ਕਰ ਰਹੇ ਸਨ। ਇਸ ਬਿਆਨ ਤੋਂ ਬਾਅਦ ਭੱਟੀ ਨੇ ਲੌਰੈਂਸ ਨਾਲ ਸਾਰੇ ਸੰਬੰਧ ਤੋੜ ਲਏ।