ਛੱਤੀਸਗੜ੍ਹ :- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਨਕਸਲੀਆਂ ਵੱਲੋਂ ਲਗਾਏ ਗਏ ਆਈਈਡੀ ਧਮਾਕੇ ਵਿੱਚ ਡਿਸਟ੍ਰਿਕਟ ਰਿਜ਼ਰਵ ਗਾਰਡ (ਡੀਆਰਜੀ) ਦਾ ਇੱਕ ਜਵਾਨ ਸ਼ਹੀਦ ਹੋ ਗਿਆ, ਜਦੋਂ ਕਿ ਦੋ ਹੋਰ ਜਵਾਨ ਜ਼ਖਮੀ ਹੋ ਗਏ। ਇਹ ਧਮਾਕਾ ਭੋਪਾਲਪਟਨਮ ਥਾਣਾ ਖੇਤਰ ਦੇ ਉਲੂਰ ਜੰਗਲਾਂ ਵਿੱਚ ਵਾਪਰਿਆ। ਜਾਣਕਾਰੀ ਅਨੁਸਾਰ, 17 ਅਗਸਤ ਨੂੰ ਡੀਆਰਜੀ ਦੀ ਟੀਮ ਨਕਸਲ ਵਿਰੋਧੀ ਕਾਰਵਾਈ ਲਈ ਨੈਸ਼ਨਲ ਪਾਰਕ ਖੇਤਰ ਵੱਲ ਗਈ ਸੀ ਅਤੇ ਅਗਲੇ ਦਿਨ ਸਵੇਰੇ ਜੰਗਲਾਂ ਵਿੱਚ ਸਰਚਿੰਗ ਦੌਰਾਨ ਧਮਾਕਾ ਹੋਇਆ। ਇਸ ਹਾਦਸੇ ਵਿੱਚ ਜਵਾਨ ਦਿਨੇਸ਼ ਨਾਗ ਸ਼ਹੀਦ ਹੋ ਗਿਆ।
ਜ਼ਖਮੀ ਜਵਾਨਾਂ ਦੀ ਸਥਿਤੀ
ਧਮਾਕੇ ਦੌਰਾਨ ਦੋ ਜਵਾਨ ਜ਼ਖਮੀ ਹੋਏ, ਜਿਨ੍ਹਾਂ ਨੂੰ ਮੁੱਢਲਾ ਇਲਾਜ ਦੇ ਬਾਅਦ ਸੁਰੱਖਿਅਤ ਥਾਂ ‘ਤੇ ਲਿਆਂਦਾ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ ਜ਼ਖਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ, ਪਰ ਬਿਹਤਰ ਇਲਾਜ ਲਈ ਉਨ੍ਹਾਂ ਨੂੰ ਜਗਦਲਪੁਰ ਅਤੇ ਰਾਏਪੁਰ ਰੈਫਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਅਤੇ ਸੁਰੱਖਿਆ ਬਲਾਂ ਨੇ ਖੇਤਰ ‘ਚ ਸਰਚ ਆਪ੍ਰੇਸ਼ਨ ਤੇਜ਼ ਕਰ ਦਿੱਤਾ ਹੈ।
ਨਕਸਲ ਵਿਰੋਧੀ ਆਪ੍ਰੇਸ਼ਨ ਜਾਰੀ
ਜਾਣਕਾਰੀ ਅਨੁਸਾਰ ਡੀਆਰਜੀ ਟੀਮ ਚਿੱਲਾ ਮਾਰਕਾ ਪਿੰਡ ਨੇੜੇ ਨਕਸਲ ਵਿਰੋਧੀ ਆਪ੍ਰੇਸ਼ਨ ‘ਤੇ ਸੀ, ਜਦੋਂ ਨਕਸਲੀਆਂ ਵੱਲੋਂ ਤਿਆਰ ਕੀਤਾ ਆਈਈਡੀ ਫਟਿਆ। ਧਮਾਕਾ ਇੰਨਾ ਤਗੜਾ ਸੀ ਕਿ ਆਲੇ ਦੁਆਲੇ ਦਾ ਇਲਾਕਾ ਕੰਬ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਪੂਰੇ ਖੇਤਰ ਵਿੱਚ ਖੋਜੀ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਨਕਸਲੀਆਂ ਦੀ ਗਤੀਵਿਧੀ ਨੂੰ ਰੋਕਿਆ ਜਾ ਸਕੇ।