ਕੈਨੇਡਾ :- ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ (IRB) ਵੱਲੋਂ ਜਾਰੀ ਕੀਤੇ ਨਵੇਂ ਅੰਕੜਿਆਂ ਅਨੁਸਾਰ, 2025 ਦੇ ਪਹਿਲੇ ਛੇ ਮਹੀਨਿਆਂ ਦੌਰਾਨ ਅਮਰੀਕੀ ਨਾਗਰਿਕਾਂ ਵੱਲੋਂ ਸ਼ਰਨਾਰਥੀ ਦਰਜਾ ਪ੍ਰਾਪਤ ਕਰਨ ਲਈ ਪਿਛਲੇ ਸਾਲਾਂ ਨਾਲੋਂ ਕਾਫੀ ਵਧੀਆਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਹਨ। 2025 ਦੇ ਪਹਿਲੇ ਅੱਧ ਵਿੱਚ ਕੁੱਲ 245 ਦਾਅਵੇ ਦਰਜ ਹੋਏ, ਜਦਕਿ 2024 ਵਿੱਚ ਪੂਰੇ ਸਾਲ ਦੌਰਾਨ ਇਹ ਗਿਣਤੀ 204 ਸੀ। ਇਹ 2019 ਤੋਂ ਬਾਅਦ ਸਭ ਤੋਂ ਵੱਧ ਹੈ।
ਕੁੱਲ ਦਾਅਵਿਆਂ ਵਿੱਚ ਅਮਰੀਕੀਆਂ ਦਾ ਹਿੱਸਾ ਘੱਟ, ਪਰ ਵਾਧਾ ਚਿੰਤਾਜਨਕ
ਲਗਭਗ 55,000 ਸ਼ਰਨਾਰਥੀ ਦਾਅਵਿਆਂ ਵਿੱਚੋਂ ਅਮਰੀਕੀ ਦਾਅਵਿਆਂ ਦਾ ਅਨੁਪਾਤ ਛੋਟਾ ਹੈ, ਪਰ ਵਾਧਾ ਧਿਆਨਯੋਗ ਹੈ। ਇਤਿਹਾਸਕ ਤੌਰ ’ਤੇ ਕੈਨੇਡਾ ਵਿੱਚ ਅਮਰੀਕੀ ਨਾਗਰਿਕਾਂ ਦੇ ਸ਼ਰਨਾਰਥੀ ਦਾਅਵਿਆਂ ਦੀ ਸਵੀਕ੍ਰਿਤੀ ਦਰ ਕਾਫੀ ਘੱਟ ਰਹੀ ਹੈ।
ਟਰਾਂਸਜੈਂਡਰ ਭਾਈਚਾਰੇ ਦੇ ਲੋਕ ਸਭ ਤੋਂ ਅੱਗੇ
ਰਿਪੋਰਟਾਂ ਮੁਤਾਬਕ, ਸ਼ਰਣ ਦੀ ਮੰਗ ਕਰਨ ਵਾਲਿਆਂ ਵਿੱਚ ਵੱਡੀ ਗਿਣਤੀ ਟਰਾਂਸਜੈਂਡਰ ਭਾਈਚਾਰੇ ਦੇ ਲੋਕਾਂ ਦੀ ਹੈ। ਇਹ ਲੋਕ ਦਲੀਲ ਦੇ ਰਹੇ ਹਨ ਕਿ ਅਮਰੀਕਾ ਵਿੱਚ ਟਰਾਂਸਜੈਂਡਰ ਅਧਿਕਾਰਾਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਹਾਲੀਆ ਸਾਲਾਂ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਮਰੀਕੀ ਸੁਪਰੀਮ ਕੋਰਟ ਵੱਲੋਂ ਲਿੰਗ-ਪੁਸ਼ਟੀ ਸਿਹਤ ਸੇਵਾਵਾਂ, ਫੌਜੀ ਸੇਵਾ, ਬਾਥਰੂਮ ਵਰਤੋਂ ਅਤੇ ਕੁਝ ਖੇਡਾਂ ਵਿੱਚ ਭਾਗੀਦਾਰੀ ’ਤੇ ਲਗਾਈਆਂ ਪਾਬੰਦੀਆਂ ਨੂੰ ਕਈ ਲੋਕ ਜ਼ੁਲਮ ਮੰਨ ਰਹੇ ਹਨ। ਇਸ ਕਾਰਨ ਕੁਝ ਅਮਰੀਕੀ ਕੈਨੇਡਾ ਵਿੱਚ ਸੁਰੱਖਿਆ ਲੱਭ ਰਹੇ ਹਨ।
ਵਕੀਲਾਂ ਅਤੇ ਦਾਅਵੇਦਾਰਾਂ ਦੀ ਗਵਾਹੀ
ਰਾਇਟਰਜ਼ ਨਾਲ ਗੱਲਬਾਤ ਕਰਨ ਵਾਲੇ ਅੱਠ ਵਕੀਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਟਰਾਂਸਜੈਂਡਰ ਅਮਰੀਕੀ ਨਾਗਰਿਕਾਂ ਵੱਲੋਂ ਵੱਧ ਸੰਪਰਕ ਕੀਤਾ ਜਾ ਰਿਹਾ ਹੈ। ਇੱਕ ਟਰਾਂਸਜੈਂਡਰ ਔਰਤ ਨੇ ਅਪ੍ਰੈਲ ਵਿੱਚ ਕੈਨੇਡਾ ਵਿੱਚ ਸ਼ਰਣ ਲਈ ਅਰਜ਼ੀ ਦਿੱਤੀ, ਜਦਕਿ ਇੱਕ ਹੋਰ ਮਹਿਲਾ ਨੇ ਆਪਣੀ ਟਰਾਂਸਜੈਂਡਰ ਧੀ ਦੀ ਵਕਾਲਤ ਕਰਦੇ ਹੋਏ ਦਾਅਵਾ ਦਾਇਰ ਕੀਤਾ।
ਕੈਨੇਡਾ ਦੀ ਸ਼ਰਣ ਪ੍ਰਕਿਰਿਆ
ਕੈਨੇਡਾ ਵਿੱਚ ਸ਼ਰਣ ਲੈਣ ਦੀ ਪ੍ਰਕਿਰਿਆ ਵਿੱਚ ਪਹਿਲਾਂ ਯੋਗਤਾ ਇੰਟਰਵਿਊ ਕੀਤਾ ਜਾਂਦਾ ਹੈ। ਇਸ ਦੌਰਾਨ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਜਾਂ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ (IRCC) ਦੇ ਅਧਿਕਾਰੀ ਬਿਨੈਕਾਰ ਦੀ ਪਛਾਣ, ਸੁਰੱਖਿਆ ਜਾਂਚ ਅਤੇ ਬਿਆਨ ਦੇ ਆਧਾਰ ’ਤੇ ਨਿਰਣਯ ਕਰਦੇ ਹਨ ਕਿ ਕੀ ਕੇਸ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ (IRB) ਨੂੰ ਭੇਜਿਆ ਜਾਵੇਗਾ। ਬਾਅਦ ਵਿੱਚ IRB ਇਹ ਤਹਿ ਕਰਦਾ ਹੈ ਕਿ ਕੀ ਬਿਨੈਕਾਰ ਸੰਯੁਕਤ ਰਾਸ਼ਟਰ ਸ਼ਰਨਾਰਥੀ ਕਨਵੈਨਸ਼ਨ ਅਨੁਸਾਰ ਸ਼ਰਣ ਲਈ ਯੋਗ ਹੈ ਜਾਂ ਨਹੀਂ।