ਚੰਡੀਗੜ੍ਹ :- ਭਾਰਤ ਦੇ ਕਈ ਹਿੱਸਿਆਂ ਵਿੱਚ ਮਾਨਸੂਨ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਬੰਗਾਲ ਦੀ ਖਾੜੀ ਵਿੱਚ ਬਣੇ ਘੱਟ ਦਬਾਅ ਵਾਲੇ ਖੇਤਰ ਨੇ ਉੱਤਰ-ਪੱਛਮੀ, ਮੱਧ, ਪੂਰਬੀ ਅਤੇ ਦੱਖਣੀ ਭਾਰਤ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ 2 ਸਤੰਬਰ ਤੋਂ 7 ਸਤੰਬਰ ਤੱਕ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਹਿਮਾਚਲ ਪ੍ਰਦੇਸ਼, ਉਤਰਾਖੰਡ, ਓਡੀਸ਼ਾ, ਛੱਤੀਸਗੜ੍ਹ, ਗੁਜਰਾਤ ਅਤੇ ਮੱਧ ਮਹਾਰਾਸ਼ਟਰ ਵਿੱਚ ਲਾਲ ਚੇਤਾਵਨੀ ਜਾਰੀ ਹੋ ਚੁੱਕੀ ਹੈ।
ਉੱਤਰੀ ਭਾਰਤ ਵਿੱਚ ਫਿਰ ਖ਼ਤਰੇ ਦੀ ਘੰਟੀ
ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਖਾਸ ਕਰਕੇ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਜ਼ਮੀਨ ਖਿਸਕਣ, ਸੜਕਾਂ ਬੰਦ ਹੋਣ ਅਤੇ ਬਿਜਲੀ ਡਿੱਗਣ ਦੇ ਖ਼ਤਰੇ ਵਧ ਗਏ ਹਨ। ਲੋਕਾਂ ਨੂੰ ਯਾਤਰਾ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ ਲੈਣ ਦੀ ਸਲਾਹ ਦਿੱਤੀ ਗਈ ਹੈ।
ਪੂਰਬੀ ਅਤੇ ਮੱਧ ਭਾਰਤ ਮੀਂਹ ਦੀ ਚਪੇਟ ਵਿੱਚ
ਮੱਧ ਪ੍ਰਦੇਸ਼, ਛੱਤੀਸਗੜ੍ਹ, ਓਡੀਸ਼ਾ, ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ਵਿੱਚ ਅਗਲੇ ਕੁਝ ਦਿਨਾਂ ਤੱਕ ਭਾਰੀ ਮੀਂਹ ਜਾਰੀ ਰਹੇਗਾ। 3 ਅਤੇ 4 ਸਤੰਬਰ ਨੂੰ ਛੱਤੀਸਗੜ੍ਹ ਅਤੇ ਓਡੀਸ਼ਾ ਵਿੱਚ ਬਹੁਤ ਜ਼ਿਆਦਾ ਬਾਰਿਸ਼ ਦੀ ਸੰਭਾਵਨਾ ਹੈ। ਇਨ੍ਹਾਂ ਖੇਤਰਾਂ ਵਿੱਚ ਗਰਜ-ਚਮਕ, ਤੂਫ਼ਾਨ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਹੋ ਸਕਦੀਆਂ ਹਨ।
ਉੱਤਰ-ਪੂਰਬੀ ਰਾਜਾਂ ਵਿੱਚ ਲਗਾਤਾਰ ਬਾਰਿਸ਼
ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਹਫ਼ਤੇ ਭਰ ਮੀਂਹ ਦਾ ਦੌਰ ਜਾਰੀ ਰਹੇਗਾ। 4 ਅਤੇ 7 ਸਤੰਬਰ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਖ਼ਾਸ ਤੌਰ ‘ਤੇ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਰਹਿਣ ਅਤੇ ਪ੍ਰਸ਼ਾਸਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।
ਰਾਜਧਾਨੀ ਦਿੱਲੀ ‘ਚ ਪਾਣੀ ਭਰਿਆ, ਦੱਖਣੀ ਭਾਰਤ ਵੀ ਪ੍ਰਭਾਵਿਤ
ਦਿੱਲੀ ਵਿੱਚ ਮੰਗਲਵਾਰ ਨੂੰ ਕੁਝ ਘੰਟਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਜਦੋਂ ਅਚਾਨਕ ਭਾਰੀ ਬਾਰਿਸ਼ ਨਾਲ ਪਾਣੀ ਭਰ ਗਿਆ। ਕੇਰਲ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਵੀ 4 ਸਤੰਬਰ ਤੱਕ ਭਾਰੀ ਮੀਂਹ ਦੇ ਅਸਾਰ ਹਨ। ਮੱਧ ਮਹਾਰਾਸ਼ਟਰ, ਕੋਂਕਣ ਅਤੇ ਗੋਆ ਵਿੱਚ 7 ਸਤੰਬਰ ਤੱਕ ਰੁਕ-ਰੁਕ ਕੇ ਭਾਰੀ ਬਾਰਿਸ਼ ਹੋਵੇਗੀ।
ਲੋਕਾਂ ਲਈ ਸਾਵਧਾਨੀ ਦੇ ਨਿਰਦੇਸ਼
IMD ਨੇ ਲੋਕਾਂ ਨੂੰ ਘਰਾਂ ਦੇ ਡਰੇਨੇਜ ਸਿਸਟਮ ਠੀਕ ਰੱਖਣ, ਪਾਣੀ ਭਰੇ ਇਲਾਕਿਆਂ ਤੋਂ ਦੂਰ ਰਹਿਣ ਅਤੇ ਜ਼ਰੂਰੀ ਯਾਤਰਾਵਾਂ ਨੂੰ ਮੁਲਤਵੀ ਕਰਨ ਦੀ ਸਲਾਹ ਦਿੱਤੀ ਹੈ। ਪ੍ਰਸ਼ਾਸਨ ਨੂੰ ਵੀ ਉੱਚ ਪੱਧਰੀ ਤਿਆਰੀ ‘ਚ ਰਹਿਣ ਲਈ ਕਿਹਾ ਗਿਆ ਹੈ।