ਨਵੀਂ ਦਿੱਲੀ :- ਕੇਂਦਰ ਸਰਕਾਰ ਨੇ ਪੰਜਾਬ ਦੇ ਯਾਤਰੀਆਂ ਲਈ ਵੱਡੀ ਸੌਗਾਤ ਦਿੱਤੀ ਹੈ। ਮੋਹਾਲੀ ਤੋਂ ਰਾਜਪੁਰ ਰੇਲਵੇ ਲਾਈਨ ਨੂੰ ਆਖ਼ਿਰਕਾਰ ਮਨਜ਼ੂਰੀ ਮਿਲ ਗਈ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ।
ਇਹ ਲਿੰਕ ਚੰਡੀਗੜ੍ਹ ਨੂੰ ਮਾਲਵਾ ਖੇਤਰ ਦੇ ਰਾਜਪੁਰਾ, ਪਟਿਆਲਾ, ਸੰਗਰੂਰ ਅਤੇ ਹੋਰ ਜ਼ਿਲ੍ਹਿਆਂ ਨਾਲ ਜੋੜੇਗੀ। 50 ਸਾਲਾਂ ਤੋਂ ਉਡੀਕ ਰਹੀ ਇਸ ਲਾਈਨ ਨਾਲ ਖੇਤਰੀ ਸੰਪਰਕ ਤੇ ਆਵਾਜਾਈ ਬਿਹਤਰ ਹੋਵੇਗੀ।
ਫਿਰੋਜ਼ਪੁਰ-ਨਵੀਂ ਦਿੱਲੀ ਵੰਦੇ ਭਾਰਤ ਟ੍ਰੇਨ
ਇਸੇ ਦਿਨ ਕੇਂਦਰੀ ਮੰਤਰੀ ਨੇ ਫਿਰੋਜ਼ਪੁਰ ਤੋਂ ਨਵੀਂ ਦਿੱਲੀ ਲਈ ਵੰਦੇ ਭਾਰਤ ਟ੍ਰੇਨ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ। ਇਹ ਟ੍ਰੇਨ ਹਫ਼ਤੇ ਵਿੱਚ ਚੱਲੇਗੀ ਅਤੇ ਫਿਰੋਜ਼ਪੁਰ, ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ ਅਤੇ ਨਵੀਂ ਦਿੱਲੀ ਤੋਂ ਹੁੰਦੀ ਹੋਈ ਮਾਲਵਾ ਖੇਤਰ ਨੂੰ ਰਾਸ਼ਟਰੀ ਰਾਜਧਾਨੀ ਨਾਲ ਜੋੜੇਗੀ।
ਸਿਆਸੀ ਪ੍ਰਤੀਕ੍ਰਿਆ
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ ਕਿ ਇਹ ਦੋਹਾਂ ਐਲਾਨਾਂ ਨਾਲ ਮਾਲਵਾ ਖਿੱਤੇ ਤੋਂ ਚੰਡੀਗੜ੍ਹ ਦਾ ਰੇਲ ਸੰਪਰਕ ਹੋਰ ਬਿਹਤਰ ਬਣੇਗਾ। ਉਨ੍ਹਾਂ ਨੇ ਕੇਂਦਰੀ ਮੰਤਰੀਆਂ ਦਾ ਵਿਸੇਸ਼ ਧੰਨਵਾਦ ਵੀ ਕੀਤਾ।