ਮੋਹਾਲੀ :- ਸ਼ਹਿਰ ਦੀ ਪੌਸ਼ ਮਾਰਕੀਟ ਫੇਜ਼ 3B2 ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਥਾਨਕ ਲੋਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਇੱਕ ਔਰਤ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰਦਿਆਂ ਦਾਅਵਾ ਕੀਤਾ ਹੈ ਕਿ ਕੁਝ ਮੁੰਡੇ ਕੁੜੀਆਂ ਦੇ ਭੇਸ ਵਿੱਚ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਬਲੈਕਮੇਲ ਕਰ ਰਹੇ ਹਨ। ਔਰਤ ਮੁਤਾਬਕ, ਇਹ ਗਿਰੋਹ ਬਾਜ਼ਾਰ ਵਿੱਚ ਖੁੱਲ੍ਹੇਆਮ ਸਰਗਰਮ ਹੈ ਅਤੇ ਆਮ ਲੋਕਾਂ ਲਈ ਇੱਥੇ ਆਉਣਾ ਮੁਸ਼ਕਲ ਹੋ ਗਿਆ ਹੈ।
ਪਹਿਲਾਂ ਵੀ ਮਿਲੇ ਹਨ ਅਜਿਹੇ ਮਾਮਲੇ, ਟਰਾਂਸਜੈਂਡਰ ਹੋਇਆ ਸੀ ਗ੍ਰਿਫਤਾਰ
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਮਈ ਮਹੀਨੇ ਵਿੱਚ ਵੀ ਮੋਹਾਲੀ ਪੁਲਿਸ ਨੇ ਅਜਿਹੇ ਹੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇੱਕ ਟਰਾਂਸਜੈਂਡਰ ਨੂੰ ਗ੍ਰਿਫਤਾਰ ਕੀਤਾ ਸੀ। ਤਾਜ਼ਾ ਮਾਮਲੇ ਨੇ ਫਿਰ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਰਿਪੋਰਟਾਂ ਮੁਤਾਬਕ, ਇਹ ਗਿਰੋਹ ਰਾਤ 10 ਵਜੇ ਤੋਂ ਬਾਅਦ ਜ਼ਿਆਦਾ ਸਰਗਰਮ ਹੁੰਦਾ ਹੈ, ਖ਼ਾਸਕਰ ਉਹਨਾਂ ਇਲਾਕਿਆਂ ਵਿੱਚ ਜਿੱਥੇ ਪੁਲਿਸ ਦੀ ਹਾਜ਼ਰੀ ਘੱਟ ਜਾਂ ਸੜਕਾਂ ਸੁੰਨੀਆਂ ਹੁੰਦੀਆਂ ਹਨ।
ਕਿਹੜੇ ਖੇਤਰਾਂ ਵਿੱਚ ਸਰਗਰਮ ਹੈ ਇਹ ਗਿਰੋਹ
ਇਹ ਗਿਰੋਹ ਮੋਹਾਲੀ ਦੀਆਂ ਕਈ ਸੜਕਾਂ ’ਤੇ ਸਰਗਰਮ ਦੱਸਿਆ ਜਾ ਰਿਹਾ ਹੈ—ਫਰਨੀਚਰ ਮਾਰਕੀਟ ਤੋਂ ਲੈ ਕੇ ਫੇਜ਼ 1 ਦੇ ਗਾਇਤਰੀ ਸ਼ਕਤੀ ਪੀਠ ਤੱਕ, ਫੇਜ਼ 6 ਬੱਸ ਸਟੈਂਡ ਤੋਂ ਖਰੜ ਅਤੇ ਜ਼ੀਰਕਪੁਰ ਤੱਕ। ਇਸ ਤੋਂ ਇਲਾਵਾ, ਹਵਾਈ ਅੱਡੇ ਦੇ ਨੇੜਲੇ ਖੇਤਰਾਂ ਅਤੇ ਚੰਡੀਗੜ੍ਹ ਦੇ ਸੈਕਟਰ 48 ਤੋਂ ਫੇਜ਼ 10 ਤੱਕ ਦੀ ਸੜਕ ’ਤੇ ਵੀ ਇਹ ਗਰੁੱਪ ਸਰਗਰਮ ਦਿਖਾਈ ਦੇ ਰਹੇ ਹਨ। ਹਾਲ ਹੀ ਵਿੱਚ ਫੇਜ਼ 3B2 ਅਤੇ ਆਈਵੀ ਹਸਪਤਾਲ ਦੇ ਨੇੜੇ ਤੋਂ ਵੀ ਕਈ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ।
ਔਰਤ ਦੀ ਵੀਡੀਓ ਨੇ ਚੁੱਕੇ ਪੁਲਸ ਪ੍ਰਬੰਧਾਂ ’ਤੇ ਸਵਾਲ
ਬਾਜ਼ਾਰ ਵਿੱਚ ਖਰੀਦਦਾਰੀ ਕਰਨ ਗਈ ਇੱਕ ਔਰਤ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਮੋਹਾਲੀ ਬਾਜ਼ਾਰ ਵਿੱਚ ਹੁਣ ਪਰਿਵਾਰਾਂ ਲਈ ਦਾਖਲ ਹੋਣਾ ਵੀ ਖਤਰੇ ਤੋਂ ਖਾਲੀ ਨਹੀਂ ਰਿਹਾ। ਉਸਨੇ ਕਿਹਾ ਕਿ ਮੁੰਡੇ ਕੁੜੀਆਂ ਦਾ ਰੂਪ ਧਾਰ ਕੇ ਗਾਹਕਾਂ ਨਾਲ ਬੇਵਕੂਫ਼ੀ ਕਰਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਡਰਾਉਣ-ਧਮਕਾਉਣ ਲੱਗ ਪੈਂਦੇ ਹਨ। ਔਰਤ ਦੇ ਬਿਆਨ ਅਨੁਸਾਰ, ਇਹ ਮਾਮਲੇ ਪਹਿਲਾਂ ਵੀ ਸਾਹਮਣੇ ਆਏ ਸਨ ਪਰ ਪੁਲਿਸ ਉਨ੍ਹਾਂ ’ਤੇ ਪ੍ਰਭਾਵਸ਼ਾਲੀ ਕਾਰਵਾਈ ਕਰਨ ਵਿੱਚ ਅਸਫਲ ਰਹੀ ਹੈ।
ਗਿਰੋਹ ਦਾ ਤਰੀਕਾ: ਲਿਫਟ ਦੇ ਬਹਾਨੇ ਬਲੈਕਮੇਲਿੰਗ ਦਾ ਜਾਲ
ਇਹ ਗਿਰੋਹ ਆਮ ਤੌਰ ’ਤੇ ਸਮੂਹਾਂ ਵਿੱਚ ਕੰਮ ਕਰਦਾ ਹੈ। ਰਾਤ ਦੇ ਸਮੇਂ ਇਹ ਕੁੜੀਆਂ ਦੇ ਭੇਸ ਵਿੱਚ ਸੜਕਾਂ ਦੇ ਕਿਨਾਰੇ ਖੜ੍ਹੇ ਹੋ ਜਾਂਦੇ ਹਨ। ਜਦੋਂ ਕੋਈ ਗੱਡੀ ਉਨ੍ਹਾਂ ਦੇ ਨੇੜੇ ਆਉਂਦੀ ਹੈ, ਤਾਂ ਇਹ ਲਿਫਟ ਲਈ ਇਸ਼ਾਰਾ ਕਰਦੇ ਹਨ। ਜਿਵੇਂ ਹੀ ਵਿਅਕਤੀ ਗੱਡੀ ਰੋਕਦਾ ਹੈ, ਇਹ ਉਸ ਦੀ ਕਾਰ ਵਿੱਚ ਚੜ੍ਹ ਜਾਂਦੇ ਹਨ ਅਤੇ ਬਾਅਦ ਵਿੱਚ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੇ ਹਨ। ਜੇ ਵਿਅਕਤੀ ਪੈਸੇ ਦੇਣ ਤੋਂ ਇਨਕਾਰ ਕਰੇ, ਤਾਂ ਇਹ ਬਹਿਸ ਤੇ ਧਮਕੀ ਤੱਕ ਦੀ ਹੱਦ ਤੱਕ ਪਹੁੰਚ ਜਾਂਦੇ ਹਨ।
ਸੁਰੱਖਿਆ ਸਬੰਧੀ ਚਿੰਤਾ ਵਧੀ, ਪੁਲਿਸ ਤੋਂ ਕਾਰਵਾਈ ਦੀ ਮੰਗ
ਸਥਾਨਕ ਨਿਵਾਸੀਆਂ ਨੇ ਮੋਹਾਲੀ ਪੁਲਿਸ ਤੋਂ ਮਾਰਕੀਟਾਂ ਅਤੇ ਸੁੰਨਸਾਨ ਸੜਕਾਂ ’ਤੇ ਪਹਿਰਾ ਵਧਾਉਣ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਗਿਰੋਹ ਨਾ ਸਿਰਫ਼ ਨੌਜਵਾਨਾਂ ਨੂੰ ਠੱਗ ਰਹੇ ਹਨ, ਸਗੋਂ ਮੋਹਾਲੀ ਵਰਗੇ ਆਧੁਨਿਕ ਸ਼ਹਿਰ ਦੀ ਛਵੀ ’ਤੇ ਵੀ ਦਾਗ ਲਾ ਰਹੇ ਹਨ। ਪੁਲਿਸ ਵੱਲੋਂ ਹਾਲੇ ਤੱਕ ਇਸ ਮਾਮਲੇ ’ਚ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ।

