ਨਵੀਂ ਦਿੱਲੀ :- ਦੇਸ਼ ਦੇ 79ਵੇਂ ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਦੀ ਫਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਪਹਿਲਗਾਮ ਹਮਲੇ ਤੋਂ ਬਾਅਦ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਸੈਨਿਕਾਂ ਨੇ ਅਜਿਹਾ ਜਵਾਬ ਦਿੱਤਾ ਹੈ ਕਿ ਪਾਕਿਸਤਾਨ ਹਿਲ ਗਿਆ ਹੈ। ਮੋਦੀ ਨੇ ਬਹਾਦਰ ਜਵਾਨਾਂ ਨੂੰ ਸਲਾਮ ਕਰਦਿਆਂ ਸਪੱਸ਼ਟ ਕੀਤਾ ਕਿ ਭਾਰਤ ਹੁਣ ਕਿਸੇ ਵੀ “ਪ੍ਰਮਾਣੂ ਬਲੈਕਮੇਲ” ਨੂੰ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਨੇ ਲੋਕਾਂ ਨੂੰ ਸਿੱਖਿਆ ਦਿੱਤੀ ਕਿ ਕਿਸੇ ਹੋਰ ਦੀ ਲਾਈਨ ਘੱਟ ਕਰਨ ਦੀ ਬਜਾਏ ਆਪਣੀ ਲਾਈਨ ਵੱਡੀ ਕਰਨ ‘ਤੇ ਧਿਆਨ ਦਿੱਤਾ ਜਾਵੇ, ਤਾਂ ਹੀ ਦੁਨੀਆ ਭਾਰਤ ਦੀ ਤਾਕਤ ਮੰਨੇਗੀ।
ਸਵਦੇਸ਼ੀ, ਵੋਕਲ ਫਾਰ ਲੋਕਲ ਤੇ ਨਵੀਨਤਾ ‘ਤੇ ਜ਼ੋਰ
ਪ੍ਰਧਾਨ ਮੰਤਰੀ ਨੇ ਵਪਾਰੀਆਂ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਵਦੇਸ਼ੀ ਉਤਪਾਦਾਂ ਦੀ ਵਰਤੋਂ ਮਜਬੂਰੀ ਨਹੀਂ, ਸਗੋਂ ਤਾਕਤ ਨਾਲ ਕੀਤੀ ਜਾਵੇ। “ਵੋਕਲ ਫਾਰ ਲੋਕਲ” ਨੂੰ ਹਰੇਕ ਭਾਰਤੀ ਦਾ ਮੰਤਰ ਬਣਾਉਣ ਦੀ ਲੋੜ ਦੱਸਦਿਆਂ ਉਨ੍ਹਾਂ ਕਿਹਾ ਕਿ ਸਿਰਫ਼ ਉਹੀ ਚੀਜ਼ ਖਰੀਦੋ ਜੋ ਭਾਰਤ ਵਿੱਚ ਭਾਰਤੀਆਂ ਦੀ ਮਿਹਨਤ ਨਾਲ ਬਣੀ ਹੋਵੇ। ਮੋਦੀ ਨੇ IT ਯੁੱਗ ਦੀ ਮਹੱਤਤਾ ‘ਤੇ ਵੀ ਰੌਸ਼ਨੀ ਪਾਈ ਅਤੇ ਚੁਣੌਤੀ ਦਿੱਤੀ ਕਿ ਸਾਈਬਰ ਸੁਰੱਖਿਆ ਤੋਂ ਲੈ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਆਪਣੇ ਪਲੇਟਫਾਰਮ ਤੇ ਪੇਟੈਂਟ ਬਣਾਏ ਜਾਣ, ਤਾਂ ਜੋ ਵਿਦੇਸ਼ੀ ਨਿਰਭਰਤਾ ਘਟੇ। ਯੂਪੀਆਈ ਦੀ ਕਾਮਯਾਬੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਵਿਸ਼ਵ ਭਰ ਦੇ ਡਿਜ਼ੀਟਲ ਲੈਣ-ਦੇਣ ਵਿੱਚ ਭਾਰਤ ਦਾ 50% ਹਿੱਸਾ ਹੈ।
ਸਾਫ਼ ਊਰਜਾ ਟੀਚਾ 5 ਸਾਲ ਪਹਿਲਾਂ ਪੂਰਾ, ਗ੍ਰੀਨ ਵਿਕਾਸ ਵੱਲ ਕਦਮ
ਗਲੋਬਲ ਵਾਰਮਿੰਗ ਦੀ ਚਿੰਤਾ ਜਤਾਉਂਦਿਆਂ ਮੋਦੀ ਨੇ ਕਿਹਾ ਕਿ ਭਾਰਤ ਨੇ 2030 ਤੱਕ 50% ਸਾਫ਼ ਊਰਜਾ ਦੀ ਵਰਤੋਂ ਦਾ ਟੀਚਾ ਰੱਖਿਆ ਸੀ, ਪਰ ਦੇਸ਼ਵਾਸੀਆਂ ਦੀ ਮਜ਼ਬੂਤ ਇੱਛਾ-ਸ਼ਕਤੀ ਨਾਲ ਇਹ ਮੰਜ਼ਿਲ 2025 ਵਿੱਚ ਹੀ ਹਾਸਲ ਕਰ ਲਈ ਗਈ। ਉਨ੍ਹਾਂ ਕਿਹਾ ਕਿ ਪੈਟਰੋਲ ਤੇ ਡੀਜ਼ਲ ਆਯਾਤ ‘ਤੇ ਹੋਣ ਵਾਲਾ ਵੱਡਾ ਖਰਚਾ ਘਟੇ, ਤਾਂ ਉਹ ਪੈਸਾ ਨੌਜਵਾਨਾਂ, ਕਿਸਾਨਾਂ ਤੇ ਪਿੰਡਾਂ ਦੀ ਤਰੱਕੀ ਲਈ ਵਰਤਿਆ ਜਾ ਸਕਦਾ ਹੈ। ਮੋਦੀ ਨੇ ਭਰੋਸਾ ਦਿੱਤਾ ਕਿ ਭਾਰਤ ਦੀ ਊਰਜਾ ਆਤਮਨਿਰਭਰਤਾ ਦੇਸ਼ ਨੂੰ ਗਰੀਬੀ ਘਟਾਉਣ ਤੇ ਵਿਕਾਸ ਦੇ ਰਸਤੇ ‘ਤੇ ਤੇਜ਼ੀ ਨਾਲ ਅੱਗੇ ਵਧਾਏਗੀ।