ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਭਗ 7 ਸਾਲਾਂ ਬਾਅਦ ਚੀਨ ਦੇ ਦੌਰੇ ’ਤੇ ਹਨ। ਇਸ ਦੌਰਾਨ ਕੱਲ੍ਹ ਉਨ੍ਹਾਂ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮਹੱਤਵਪੂਰਣ ਮੁਲਾਕਾਤ ਕੀਤੀ। ਇਹ ਦੌਰਾ ਐੱਸਸੀਓ ਸੰਮੇਲਨ ਤੋਂ ਪਹਿਲਾਂ ਹੋ ਰਿਹਾ ਹੈ, ਜਿਸ ਵਿੱਚ ਕਈ ਮਹੱਤਵਪੂਰਨ ਅੰਤਰਰਾਸ਼ਟਰੀ ਮਸਲੇ ਚਰਚਾ ਲਈ ਹਨ।
ਪੁਤਿਨ ਨਾਲ ਜੱਫੀ, ਤਿੰਨ ਮਹਾਂਸ਼ਕਤੀਆਂ ਇਕ ਮੰਚ ’ਤੇ
ਅੱਜ ਚੀਨ ਤੋਂ ਉਹ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਦੀ ਪੂਰੀ ਦੁਨੀਆ ਉਡੀਕ ਕਰ ਰਹੀ ਸੀ। ਇੱਕ ਮੰਚ ’ਤੇ ਭਾਰਤ ਦੇ ਪੀਐੱਮ ਮੋਦੀ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਜ਼ਰ ਆਏ। ਪੁਤਿਨ ਨੇ ਮੋਦੀ ਨੂੰ ਦੇਖਦੇ ਹੀ ਜੱਫੀ ਪਾਈ ਅਤੇ ਦੋਵਾਂ ਨੇਤਾਵਾਂ ਨੇ ਹੱਥ ਮਿਲਾ ਕੇ ਗਰਮਜੋਸ਼ੀ ਜਤਾਈ। ਇਹ ਤਸਵੀਰਾਂ ਪੀਐੱਮ ਮੋਦੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਸਾਂਝੀਆਂ ਕੀਤੀਆਂ।
ਅਮਰੀਕੀ ਟੈਰਿਫ ਦੇ ਬਾਅਦ ਪਹਿਲੀ ਮੁਲਾਕਾਤ
ਇਹ ਮੁਲਾਕਾਤ ਉਸ ਸਮੇਂ ਹੋਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਤੋਂ ਤੇਲ ਖਰੀਦਣ ਦੇ ਮਾਮਲੇ ’ਤੇ ਭਾਰਤ ’ਤੇ 50 ਫੀਸਦੀ ਟੈਰਿਫ ਲਗਾਇਆ ਹੈ। ਟਰੰਪ ਪ੍ਰਸ਼ਾਸਨ ਨੇ ਭਾਰਤ ’ਤੇ ਰੂਸ ਤੋਂ ਤੇਲ ਨਾ ਖਰੀਦਣ ਲਈ ਦਬਾਅ ਪਾਇਆ ਸੀ, ਪਰ ਭਾਰਤ ਨੇ ਅਮਰੀਕਾ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ 27 ਅਗਸਤ ਤੋਂ ਇਹ ਟੈਰਿਫ ਲਾਗੂ ਹੋ ਗਿਆ ਹੈ। ਚੀਨ ਦੇ ਤਿਆਨਜਿਨ ਤੋਂ ਆਈਆਂ ਤਸਵੀਰਾਂ ਵਿੱਚ ਤਿੰਨ ਵੱਡੇ ਦੇਸ਼ਾਂ ਭਾਰਤ, ਚੀਨ ਅਤੇ ਰੂਸ ਦੇ ਨੇਤਾ ਇਕੱਠੇ ਗੱਲ ਕਰਦੇ ਦਿਖਾਈ ਦਿੱਤੇ, ਜਿਸਨੂੰ ਅੰਤਰਰਾਸ਼ਟਰੀ ਸਿਆਸਤ ਵਿੱਚ ਵੱਡਾ ਸੰਕੇਤ ਮੰਨਿਆ ਜਾ ਰਿਹਾ ਹੈ।