ਗੋਆ :- ਗੋਆ ਦੇ ਪ੍ਰਸਿੱਧ ਨਾਈਟ ਕਲੱਬ ਅਗਨੀਕਾਂਡ ਮਾਮਲੇ ਵਿੱਚ ਲੰਮੇ ਸਮੇਂ ਤੋਂ ਲੋੜੀਂਦੇ ਚੱਲ ਰਹੇ ‘ਬਰਚ ਬਾਈ ਰੋਮੀਓ ਲੇਨ’ ਦੇ ਮਾਲਕ ਸੌਰਭ ਅਤੇ ਗੌਰਵ ਲੂਥਰਾ ਨੂੰ ਆਖ਼ਿਰਕਾਰ ਥਾਈਲੈਂਡ ਦੇ ਪੁਲਿਸ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ ਹੈ। ਦੋਨੋਂ ਭਰਾਵਾਂ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ। ਹੁਣ ਭਾਰਤੀ ਜਾਂਚ ਏਜੰਸੀਆਂ ਉਨ੍ਹਾਂ ਨੂੰ ਜਲਦ ਤੋਂ ਜਲਦ ਵਤਨ ਵਾਪਸ ਲਿਆਉਣ ਲਈ ਕਾਨੂੰਨੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੀਆਂ ਹਨ ਤਾਂ ਜੋ ਮਾਮਲੇ ਦੀ ਕਾਰਵਾਈ ਅਗਲੇ ਪੜਾਅ ’ਚ ਜਾ ਸਕੇ।
ਦਿੱਲੀ ਤੋਂ ਫੁਕੇਟ ਭੱਜੇ, ਪਾਸਪੋਰਟ ਸਸਪੈਂਡ ਹੋਣ ਨਾਲ ਰਾਹ ਬੰਦ
ਅਗਨਿਕਾਂਡ ਤੋਂ ਤੁਰੰਤ ਬਾਅਦ ਦੋਵੇਂ ਭਰਾ ਗ੍ਰਿਫ਼ਤਾਰੀ ਤੋਂ ਬਚਣ ਲਈ ਦਿੱਲੀ ਤੋਂ ਫਲਾਈਟ ਫੜ ਕੇ ਥਾਈਲੈਂਡ ਦੇ ਫੁਕੇਟ ਪਹੁੰਚ ਗਏ ਸਨ। ਪਰ ਭਾਰਤੀ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਪਾਸਪੋਰਟ ਮੰਅਸੂਖ ਕਰ ਦਿੱਤੇ ਸਨ। ਇਸ ਕਾਰਵਾਈ ਨਾਲ ਉਨ੍ਹਾਂ ਲਈ ਹੋਰ ਕਿਸੇ ਦੇਸ਼ ਭੱਜਣਾ ਅਸੰਭਵ ਹੋ ਗਿਆ ਸੀ। ਸਮਾਚਾਰ ਏਜੰਸੀ ਦੇ ਅਨੁਸਾਰ, ਹਿਰਾਸਤ ਤੋਂ ਬਾਅਦ ਦੋਵੇਂ ਨੂੰ ਜਲਦੀ ਹੀ ਦਿੱਲੀ ਲਿਆਂਦਾ ਜਾਣ ਦੀ ਤਿਆਰੀ ਹੈ।
ਹਾਦਸੇ ਵੇਲੇ ਬਚਾਅ ਨਹੀਂ, ਟਿਕਟ ਬੁੱਕ ਕਰਨ ’ਚ ਲੱਗੇ ਰਹੇ
ਜਾਂਚ ਟੀਮਾਂ ਦੇ ਮਤਾਬਕ, ਕਲੱਬ ਵਿੱਚ ਅੱਗ ਲੱਗਣ ਅਤੇ ਹੜਕੰਪ ਮਚਣ ਦੇ ਸਮੇਂ ਵੀ ਇਹ ਦੋਵੇਂ ਭਰਾ ਮਦਦ ਕਰਨ ਦੀ ਬਜਾਏ ਦੇਸ਼ ਛੱਡਣ ਲਈ ਫਲਾਈਟਾਂ ਖੋਜ ਰਹੇ ਸਨ। ‘ਬਰਚ ਬਾਈ ਰੋਮੀਓ ਲੇਨ’ ਕਲੱਬ ਵਿੱਚ ਲੱਗੀ ਭਿਆਨਕ ਅੱਗ ਵਿੱਚ 20 ਸਟਾਫ ਮੈਂਬਰਾਂ ਅਤੇ 5 ਸੈਲਾਨੀਆਂ ਸਮੇਤ ਕੁੱਲ 25 ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਲੂਥਰਾ ਬ੍ਰਦਰਜ਼ ਖ਼ਿਲਾਫ਼ ਗੈਰ-ਇਰਾਦਤਨ ਕਤਲ ਅਤੇ ਗੰਭੀਰ ਲਾਪਰਵਾਹੀ ਦੇ ਸੈਕਸ਼ਨਾਂ ਵਿੱਚ ਕੇਸ ਦਰਜ ਕੀਤਾ ਹੈ।
ਗੋਆ ਪ੍ਰਸ਼ਾਸਨ ਨੇ ਨਾਈਟ ਕਲੱਬਾਂ ’ਚ ਪਟਾਕਿਆਂ ’ਤੇ ਪੂਰੀ ਪਾਬੰਦੀ ਲਗਾਈ
ਘਟਨਾ ਤੋਂ ਬਾਅਦ ਗੋਆ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਪ੍ਰਬੰਧਾਂ ਨੂੰ ਸਖ਼ਤ ਕਰਦਿਆਂ ਉੱਤਰੀ ਗੋਆ ਦੇ ਸਾਰੇ ਬਾਰਾਂ, ਨਾਈਟ ਕਲੱਬਾਂ, ਹੋਟਲਾਂ, ਰਿਜ਼ੋਰਟਾਂ ਅਤੇ ਬੀਚ ਸ਼ੈਕਾਂ ਦੇ ਅੰਦਰ ਆਤਿਸ਼ਬਾਜ਼ੀ ਦੀ ਵਰਤੋਂ ’ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ। ਇਹ ਹੁਕਮ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਅਧੀਨ ਲਾਗੂ ਕੀਤਾ ਗਿਆ ਹੈ, ਤਾਂ ਜੋ ਅਜਿਹੀ ਤ੍ਰਾਸਦੀ ਦੁਬਾਰਾ ਨਾ ਹੋਵੇ।

