ਨਾਗਪੁਰ :- ਮੰਗਲਵਾਰ ਨੂੰ ਨਾਗਪੁਰ ਹਵਾਈ ਅੱਡੇ ਤੋਂ ਕੋਲਕਾਤਾ ਲਈ ਉੱਡੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ 6E812 ਇੱਕ ਵੱਡੇ ਹਾਦਸੇ ਤੋਂ ਬਚ ਗਈ। ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਇੱਕ ਪੰਛੀ ਜਹਾਜ਼ ਨਾਲ ਟਕਰਾ ਗਿਆ, ਜਿਸ ਨਾਲ ਜਹਾਜ਼ ਦੇ ਅੱਗਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ।
ਉਸ ਵੇਲੇ ਜਹਾਜ਼ ਵਿੱਚ ਕੁੱਲ 272 ਯਾਤਰੀ ਸਵਾਰ ਸਨ। ਪਾਇਲਟ ਨੇ ਸਥਿਤੀ ਨੂੰ ਸੰਭਾਲਦੇ ਹੋਏ ਤੁਰੰਤ ਐਮਰਜੈਂਸੀ ਲੈਂਡਿੰਗ ਦਾ ਫੈਸਲਾ ਕੀਤਾ ਅਤੇ ਫਲਾਈਟ ਨੂੰ ਨਾਗਪੁਰ ਹਵਾਈ ਅੱਡੇ ‘ਤੇ ਸੁਰੱਖਿਅਤ ਢੰਗ ਨਾਲ ਵਾਪਸ ਉਤਾਰ ਲਿਆ। ਸਾਰੇ ਯਾਤਰੀ ਸੁਰੱਖਿਅਤ ਹਨ।
ਹਵਾਈ ਅੱਡਾ ਪ੍ਰਸ਼ਾਸਨ ਦਾ ਬਿਆਨ
ਨਾਗਪੁਰ ਹਵਾਈ ਅੱਡੇ ਦੇ ਸੀਨੀਅਰ ਡਾਇਰੈਕਟਰ ਆਬਿਦ ਰੂਹੀ ਨੇ ਦੱਸਿਆ ਕਿ ਇੰਡੀਗੋ ਫਲਾਈਟ ਨਾਲ ਪੰਛੀ ਟਕਰਾਉਣ ਦੀ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਟੀਮ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਵਿਸਤ੍ਰਿਤ ਜਾਣਕਾਰੀ ਜਲਦ ਜਾਰੀ ਕੀਤੀ ਜਾਵੇਗੀ।
ਯਾਤਰੀਆਂ ਦੇ ਸੁੱਕੇ ਸਾਹ
ਕੁਝ ਯਾਤਰੀਆਂ ਨੇ ਦੱਸਿਆ ਕਿ ਉਡਾਣ ਦੌਰਾਨ ਅਚਾਨਕ ਜ਼ੋਰਦਾਰ ਝਟਕਾ ਮਹਿਸੂਸ ਕੀਤਾ ਗਿਆ, ਪਰ ਪਾਇਲਟ ਨੇ ਘਬਰਾਹਟ ਪੈਦਾ ਨਹੀਂ ਹੋਣ ਦਿੱਤੀ। ਜਹਾਜ਼ ਨੂੰ ਫਿਲਹਾਲ ਗ੍ਰਾਊਂਡ ਕਰ ਦਿੱਤਾ ਗਿਆ ਹੈ।
ਪੰਛੀ ਟਕਰਾਉਣ ਦੇ ਖ਼ਤਰੇ
ਵਿਮਾਨ ਵਿਭਾਗ ਅਨੁਸਾਰ, ਟੇਕਆਫ ਅਤੇ ਲੈਂਡਿੰਗ ਦੌਰਾਨ ਪੰਛੀਆਂ ਨਾਲ ਟਕਰਾਉਣਾ ਖ਼ਤਰਨਾਕ ਹੁੰਦਾ ਹੈ। ਕਈ ਵਾਰ ਪੰਛੀਆਂ ਦੇ ਇੰਜਣ ਵਿੱਚ ਫਸਣ ਨਾਲ ਵੱਡੇ ਹਾਦਸੇ ਹੋ ਸਕਦੇ ਹਨ।