ਨਵੀਂ ਦਿੱਲੀ :- ਦੇਸ਼ ਦੀ ਸਭ ਤੋਂ ਵੱਡੀ ਨਿੱਜੀ ਏਅਰਲਾਈਨ ਇੰਡੀਗੋ ਦਾ ਸੰਚਾਲਨ ਸੰਕਟ ਪੰਜਵੇਂ ਦਿਨ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਿਛਲੇ ਕੁਝ ਦਿਨਾਂ ਦੌਰਾਨ 2000 ਤੋਂ ਵੱਧ ਉਡਾਣਾਂ ਰੱਦ ਹੋਣ ਨਾਲ ਹਵਾਈ ਆਵਾਜਾਈ ਪੂਰੀ ਤਰ੍ਹਾਂ ਬੇਤਰਤੀਬੀ ਦਾ ਸ਼ਿਕਾਰ ਹੋ ਚੁੱਕੀ ਹੈ। ਏਅਰਪੋਰਟਾਂ ‘ਤੇ ਯਾਤਰੀ ਘੰਟਿਆਂ ਤੱਕ ਭਟਕ ਰਹੇ ਹਨ ਤੇ ਮਦਦ ਲਈ ਕਿਸੇ ਅਧਿਕਾਰੀ ਦੀ ਸਪੱਸ਼ਟ ਜਾਣਕਾਰੀ ਵੀ ਨਹੀਂ ਮਿਲ ਰਹੀ।
ਅਹਿਮਦਾਬਾਦ ਅਤੇ ਤਿਰੂਵਨੰਤਪੁਰਮ ਵਿੱਚ ਸਵੇਰੇ ਹੀ ਕੱਟੜ ਪ੍ਰਭਾਵ
ਸ਼ਨੀਵਾਰ ਸਵੇਰੇ 6 ਵਜੇ ਤੱਕ ਅਹਿਮਦਾਬਾਦ ਏਅਰਪੋਰਟ ‘ਤੇ 19 ਫਲਾਈਟਾਂ ਰੱਦ ਕੀਤੀਆਂ ਗਈਆਂ ਜਦਕਿ ਤਿਰੂਵਨੰਤਪੁਰਮ ਵਿੱਚ 6 ਉਡਾਣਾਂ ਠੱਪ ਦਿਖਾਈ ਦਿੱਤੀਆਂ। ਯਾਤਰੀਆਂ ਦੀ ਭੀੜ ਕਾਰਨ ਟਰਮੀਨਲਾਂ ‘ਤੇ ਹਾਲਾਤ ਤਣਾਅਪੂਰਨ ਰਹੇ। ਅੰਦਾਜ਼ਾ ਹੈ ਕਿ ਸਿਰਫ਼ ਚਾਰ ਦਿਨਾਂ ਵਿੱਚ ਹੀ ਤਿੰਨ ਲੱਖ ਤੋਂ ਵੱਧ ਯਾਤਰੀ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਏ ਹਨ।
ਸ਼ੁੱਕਰਵਾਰ ਨੂੰ ਰੱਦੀਕਰਨ ਦਾ ਰਿਕਾਰਡ ਟੁੱਟਿਆ
ਸ਼ੁੱਕਰਵਾਰ ਇੰਡੀਗੋ ਲਈ ਸਭ ਤੋਂ ਭਾਰੀ ਦਿਨ ਸਾਬਤ ਹੋਇਆ। ਇੱਕ ਹੀ ਦਿਨ ਵਿੱਚ ਲਗਭਗ 1000 ਉਡਾਣਾਂ ਰੱਦ ਹੋਈਆਂ ਜਿਸ ਨਾਲ ਕੰਪਨੀ ਦੀ ਯੋਜਨਾ ਬਣਾਉਣ ਦੀ ਸਮਰੱਥਾ ‘ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਇਸ ਤੋਂ ਪਹਿਲਾਂ 4 ਦਸੰਬਰ ਨੂੰ ਵੀ 550 ਤੋਂ ਵੱਧ ਫਲਾਈਟਾਂ ਨਹੀਂ ਉੱਡੀਆਂ ਸਨ, ਜਿਸ ਨਾਲ ਸੰਕਟ ਹੋਰ ਗਹਿਰਾ ਗਿਆ।
ਕੇਂਦਰ ਦੀ ਹਸਤਖੇਪ, ਐਫਡੀਟੀਐਲ ਨਿਯਮਾਂ ’ਚ ਢਿੱਲ
ਹਾਲਾਤ ਬੇਕਾਬੂ ਹੁੰਦੇ ਵੇਖਦੇ ਹੋਏ ਡੀਜੀਸੀਏ ਨੇ ਤੁਰੰਤ ਪ੍ਰਭਾਵ ਨਾਲ ਐਫਡੀਟੀਐਲ ਨਿਯਮਾਂ ਵਿੱਚ ਦਿੱਤੀ ਗਈ ਸਖ਼ਤੀ ਨੂੰ ਵਾਪਸ ਲੈ ਲਿਆ। ਹਫ਼ਤਾਵਾਰੀ ਆਰਾਮ ਨੂੰ ਲੈ ਕੇ ਲਾਗੂ ਕੀਤੀ ਗਈ ਸ਼ਰਤਾਂ ਨੂੰ ਢਿੱਲ ਦਿੱਤੀ ਗਈ ਹੈ, ਤਾਂ ਜੋ ਫਲਾਈਟ ਆਪ੍ਰੇਸ਼ਨ ਦੁਬਾਰਾ ਪਟੜੀ ‘ਤੇ ਲਿਆਏ ਜਾ ਸਕਣ।
ਮੰਤਰੀ ਨੇ ਇੰਡੀਗੋ ਨੂੰ ਘੇਰਿਆ — “ਬਾਕੀਆਂ ਨੂੰ ਕਿਉਂ ਨਹੀਂ ਮੁਸ਼ਕਲ ਆਈ?”
ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਨਵੇਂ ਐਫਡੀਟੀਐਲ ਨਿਯਮ ਨਵੰਬਰ ਤੋਂ ਲਾਗੂ ਹਨ, ਪਰ ਕਿਸੇ ਹੋਰ ਏਅਰਲਾਈਨ ਨੇ ਇਸਤਰਾ ਦਾ ਸੰਕਟ ਨਹੀਂ ਦੱਸਿਆ। ਮੰਤਰੀ ਨੇ ਸਾਫ਼ ਕਰ ਦਿੱਤਾ ਕਿ ਮੁੱਦਾ ਇੰਡੀਗੋ ਦੇ ਪ੍ਰਬੰਧਕੀ ਲਾਪਰਵਾਹੀ ਨਾਲ ਜੁੜਿਆ ਹੈ ਅਤੇ ਇਸ ਬਾਰੇ ਜਾਂਚ ਕਰਕੇ ਇੱਕਸ਼ਨ ਲਿਆ ਜਾਵੇਗਾ।
ਇੰਡੀਗੋ ਨੇ ਯੋਜਨਾਬੰਦੀ ਵਿੱਚ ਗਲਤੀ ਮੰਨੀ
ਲਗਾਤਾਰ ਤਨਕੀਂਦ ਤੋਂ ਬਾਅਦ ਇੰਡੀਗੋ ਮੈਨੇਜਮੈਂਟ ਨੇ ਵੀ ਸਵੀਕਾਰਿਆ ਹੈ ਕਿ ਉਹ ਨਵੇਂ ਨਿਯਮ ਲਾਗੂ ਹੋਣ ਤੋਂ ਪਹਿਲਾਂ ਆਪਣੇ ਕਰੂ ਦੀ ਉਪਲਬਧਤਾ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕੇ। ਇਸ ਗ਼ਲਤੀ ਕਾਰਨ ਵੱਡਾ ਸੰਚਾਲਕੀ ਸੰਕਟ ਖੜ੍ਹਾ ਹੋ ਗਿਆ ਹੈ ਜਿਸ ਦਾ ਸਿੱਧਾ ਖਮਿਆਜ਼ਾ ਯਾਤਰੀ ਭੁਗਤ ਰਹੇ ਹਨ।

