ਨਵੀਂ ਦਿੱਲੀ :- ਭਾਰਤ ਨੇ ਰੱਖਿਆ ਤਕਨਾਲੋਜੀ ਦੇ ਖੇਤਰ ਵਿੱਚ ਇਕ ਹੋਰ ਵੱਡੀ ਕਾਮਯਾਬੀ ਹਾਸਲ ਕਰ ਲਈ ਹੈ। ਵੀਰਵਾਰ ਨੂੰ ਡੀਆਰਡੀਓ ਵੱਲੋਂ 2000 ਕਿਲੋਮੀਟਰ ਰੇਂਜ ਵਾਲੀ ਅਗਨੀ-ਪ੍ਰਾਈਮ ਮਿਜ਼ਾਈਲ ਦਾ ਰੇਲ-ਅਧਾਰਤ ਮੋਬਾਈਲ ਲਾਂਚਰ ਰਾਹੀਂ ਪ੍ਰੀਖਣ ਕੀਤਾ ਗਿਆ। ਇਹ ਪਹਿਲੀ ਵਾਰ ਹੈ ਜਦੋਂ ਇਸ ਤਰ੍ਹਾਂ ਦੀ ਮਿਜ਼ਾਈਲ ਨੂੰ ਰੇਲ ਲਾਂਚਰ ਤੋਂ ਦਾਗਿਆ ਗਿਆ ਹੈ।
2000 ਕਿਲੋਮੀਟਰ ਤੱਕ ਟੀਚਿਆਂ ਨੂੰ ਭੇਦਣ ਯੋਗ
ਟੈਸਟ ਦੌਰਾਨ ਮਿਜ਼ਾਈਲ ਨੇ ਆਪਣੇ ਨਿਰਧਾਰਤ ਟੀਚੇ ਨੂੰ ਨਾ ਸਿਰਫ਼ ਸਫਲਤਾਪੂਰਵਕ ਹਾਸਲ ਕੀਤਾ, ਸਗੋਂ ਪੂਰੀ ਸ਼ੁੱਧਤਾ ਨਾਲ ਆਪਣੀ ਸਮਰੱਥਾ ਸਾਬਤ ਕੀਤੀ। ਇਸਦੇ ਨਾਲ ਭਾਰਤ ਕੋਲ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਇਸਨੂੰ ਟ੍ਰਾਂਸਪੋਰਟ ਅਤੇ ਲਾਂਚ ਕਰਨ ਦੀ ਸਮਰੱਥਾ ਹੋ ਗਈ ਹੈ।
ਓਡੀਸ਼ਾ ਦੇ ਤੱਟ ’ਤੇ ਹੋਇਆ ਸਫਲ ਟੈਸਟ
ਇਹ ਪ੍ਰੀਖਣ ਓਡੀਸ਼ਾ ਦੇ ਤੱਟ ’ਤੇ ਸਥਿਤ ਏਕੀਕ੍ਰਿਤ ਟੈਸਟ ਰੇਂਜ (ITR) ਵਿੱਚ ਕੀਤਾ ਗਿਆ। ਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਲਾਂਚਰ ਪੂਰੇ ਰੇਲ ਨੈੱਟਵਰਕ ਵਿੱਚ ਗਤੀਸ਼ੀਲ ਹੈ ਅਤੇ ਛੋਟੇ ਸਮੇਂ ਵਿੱਚ ਗੁਪਤ ਤੌਰ ’ਤੇ ਮਿਜ਼ਾਈਲ ਦਾਗਣ ਦੀ ਸਮਰੱਥਾ ਇਸਨੂੰ ਵਿਰੋਧੀਆਂ ਲਈ ਵੱਡੀ ਚੁਣੌਤੀ ਬਣਾਉਂਦੀ ਹੈ।
ਅਗਨੀ ਲੜੀ ਦੀ ਸਭ ਤੋਂ ਅਧੁਨਿਕ ਮਿਜ਼ਾਈਲ
ਅਗਨੀ-ਪ੍ਰਾਈਮ, ਅਗਨੀ ਲੜੀ ਦੀ ਨਵੀਂ ਪੀੜ੍ਹੀ ਦੀ ਮਿਜ਼ਾਈਲ ਹੈ, ਜਿਸ ਵਿੱਚ ਉੱਚ-ਸ਼ੁੱਧਤਾ ਨੈਵੀਗੇਸ਼ਨ ਸਿਸਟਮ, ਕੈਨਿਸਟਰ ਲਾਂਚ ਤਕਨਾਲੋਜੀ ਅਤੇ ਠੋਸ ਬਾਲਣ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ। ਇਹ ਮਿਜ਼ਾਈਲ ਰਵਾਇਤੀ ਨਾਲ ਨਾਲ ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਹੈ।
ਰਾਜਨਾਥ ਸਿੰਘ ਵੱਲੋਂ ਵਧਾਈ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਇਤਿਹਾਸਕ ਸਫਲਤਾ ’ਤੇ ਡੀਆਰਡੀਓ ਅਤੇ ਸਟਰੈਟਜਿਕ ਫੋਰਸਿਜ਼ ਕਮਾਂਡ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪ੍ਰੀਖਣ ਭਾਰਤ ਨੂੰ ਉਹਨਾਂ ਚੁਣੇ ਹੋਏ ਦੇਸ਼ਾਂ ਵਿੱਚ ਸ਼ਾਮਲ ਕਰਦਾ ਹੈ ਜਿਨ੍ਹਾਂ ਕੋਲ ਰੇਲ ਨੈੱਟਵਰਕ ਤੋਂ ਮੋਬਾਈਲ ਕੈਨਿਸਟਰ ਲਾਂਚ ਸਿਸਟਮ ਦੀ ਤਕਨਾਲੋਜੀ ਮੌਜੂਦ ਹੈ।