ਨਵੀਂ ਦਿੱਲੀ :- ਲੰਡਨ ਦੇ ਪ੍ਰਸਿੱਧ ਟੈਵਿਸਟੌਕ ਸਕੁਏਅਰ ਵਿੱਚ ਸਥਾਪਿਤ ਮਹਾਤਮਾ ਗਾਂਧੀ ਦੀ ਕਾਂਸੀ ਦੀ ਮੂਰਤੀ ਨਾਲ ਬੇਅਦਬੀ ਕੀਤੀ ਗਈ ਹੈ। ਅਣਪਛਾਤੇ ਲੋਕਾਂ ਨੇ ਮੂਰਤੀ ਦੇ ਪੈਡਸਟਲ ‘ਤੇ ਗ੍ਰੈਫ਼ਿਟੀ ਬਣਾਈਆਂ, ਜਿਸ ਕਾਰਨ ਇਹ ਮਾਮਲਾ ਗੰਭੀਰ ਹੋ ਗਿਆ। ਇਹ ਘਟਨਾ ਗਾਂਧੀ ਜਯੰਤੀ ਅਤੇ ਅੰਤਰਰਾਸ਼ਟਰੀ ਅਹਿੰਸਾ ਦਿਵਸ ਤੋਂ ਕੁਝ ਦਿਨ ਪਹਿਲਾਂ ਵਾਪਰਨ ਨਾਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਭਾਰਤੀ ਹਾਈ ਕਮਿਸ਼ਨ ਨੇ ਘਟਨਾ ਦੀ ਕੀਤੀ ਨਿੰਦਾ
ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਇਸ ਘਟਨਾ ਨੂੰ ਗਹਿਰੀ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਇਹ ਸਿਰਫ਼ ਮੂਰਤੀ ਨਾਲ ਭੰਨਤੋੜ ਨਹੀਂ, ਸਗੋਂ ਅਹਿੰਸਾ ਦੇ ਸਿਧਾਂਤ ਅਤੇ ਗਾਂਧੀ ਜੀ ਦੀ ਵਿਰਾਸਤ ‘ਤੇ ਹਮਲਾ ਹੈ। ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ‘ਤੇ ਬਿਆਨ ਜਾਰੀ ਕਰਦੇ ਕਿਹਾ,
“ਅਸੀਂ ਟੈਵਿਸਟੌਕ ਸਕੁਏਅਰ ਵਿੱਚ ਗਾਂਧੀ ਸਮਾਰਕ ਨਾਲ ਬੇਅਦਬੀ ਦੀ ਕੜੀ ਨਿੰਦਾ ਕਰਦੇ ਹਾਂ। ਇਹ ਘਟਨਾ ਅੰਤਰਰਾਸ਼ਟਰੀ ਅਹਿੰਸਾ ਦਿਵਸ ਤੋਂ ਸਿਰਫ਼ ਤਿੰਨ ਦਿਨ ਪਹਿਲਾਂ ਵਾਪਰੀ ਹੈ, ਜੋ ਕਿ ਮਹਾਤਮਾ ਗਾਂਧੀ ਦੇ ਆਦਰਸ਼ਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਹੈ। ਅਸੀਂ ਤੁਰੰਤ ਕਾਰਵਾਈ ਲਈ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ। ਸਾਡੀ ਟੀਮ ਮੌਕੇ ‘ਤੇ ਪਹੁੰਚ ਚੁੱਕੀ ਹੈ ਅਤੇ ਮੂਰਤੀ ਦੀ ਮੁੜ ਮੁਰੰਮਤ ਲਈ ਤਾਲਮੇਲ ਕੀਤਾ ਜਾ ਰਿਹਾ ਹੈ।”
ਸਥਾਨਕ ਪ੍ਰਸ਼ਾਸਨ ਨੇ ਸ਼ੁਰੂ ਕੀਤੀ ਜਾਂਚ
ਮੈਟਰੋਪੋਲੀਟਨ ਪੁਲਿਸ ਅਤੇ ਕੈਮਡੇਨ ਕੌਂਸਲ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਲਈ ਸੀਸੀਟੀਵੀ ਫੁਟੇਜ ਸਮੇਤ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਟੈਵਿਸਟੌਕ ਸਕੁਏਅਰ ‘ਚ ਗਾਂਧੀ ਮੂਰਤੀ ਦਾ ਇਤਿਹਾਸ
ਇਹ ਸਮਾਰਕ 1968 ਵਿੱਚ ਇੰਡੀਆ ਲੀਗ ਦੇ ਯਤਨਾਂ ਨਾਲ ਸਥਾਪਿਤ ਕੀਤਾ ਗਿਆ ਸੀ। ਮੂਰਤੀ ਮਹਾਤਮਾ ਗਾਂਧੀ ਦੇ ਉਸ ਦੌਰ ਦੀ ਯਾਦ ਦਿਵਾਉਂਦੀ ਹੈ ਜਦੋਂ ਉਹ ਯੂਨੀਵਰਸਿਟੀ ਕਾਲਜ ਲੰਡਨ ਵਿੱਚ ਕਾਨੂੰਨ ਦੀ ਪੜ੍ਹਾਈ ਕਰਦੇ ਸਨ। ਹਰ ਸਾਲ 2 ਅਕਤੂਬਰ ਨੂੰ ਇਸ ਥਾਂ ‘ਤੇ ਗਾਂਧੀ ਜਯੰਤੀ ਮਨਾਈ ਜਾਂਦੀ ਹੈ, ਸਮਾਰਕ ‘ਤੇ ਫੁੱਲ ਭੇਟ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦੇ ਮਨਪਸੰਦ ਭਜਨ ਗਾਏ ਜਾਂਦੇ ਹਨ। ਮੂਰਤੀ ਦੇ ਪੈਡਸਟਲ ‘ਤੇ ਲਿਖਿਆ ਹੈ: “ਮਹਾਤਮਾ ਗਾਂਧੀ, 1869–1948।”
ਭਾਰਤੀ ਸਮਾਜ ‘ਚ ਰੋਸ
ਇਹ ਘਟਨਾ ਨਾ ਸਿਰਫ਼ ਭਾਰਤੀ ਕਮਿਊਨਿਟੀ ਲਈ ਨਿਰਾਸ਼ਾਜਨਕ ਹੈ, ਸਗੋਂ ਦੁਨੀਆ ਭਰ ਦੇ ਉਹਨਾਂ ਲੋਕਾਂ ਲਈ ਵੀ ਚਿੰਤਾ ਦਾ ਵਿਸ਼ਾ ਹੈ ਜੋ ਗਾਂਧੀ ਦੇ ਅਹਿੰਸਾ ਅਤੇ ਸ਼ਾਂਤੀ ਦੇ ਸੁਨੇਹੇ ‘ਤੇ ਵਿਸ਼ਵਾਸ ਰੱਖਦੇ ਹਨ। ਕਈ ਸੰਗਠਨਾਂ ਨੇ ਇਸ ਤਰ੍ਹਾਂ ਦੀ ਕਾਰਵਾਈ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।