ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਅਸਾਮ ਦੇ ਨਗਾਂਵ ਜ਼ਿਲ੍ਹੇ ਵਿੱਚ ਕਰਵਾਏ ਗਏ ਇੱਕ ਸਰਕਾਰੀ ਸਮਾਗਮ ਦੌਰਾਨ ਕਾਜੀਰੰਗਾ ਐਲੀਵੇਟਿਡ ਕੋਰੀਡੋਰ ਪ੍ਰੋਜੈਕਟ ਦੀ ਨੀਂਹ ਰੱਖੀ। ਇਹ ਪ੍ਰੋਜੈਕਟ ਕਰੀਬ 6,957 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ। ਗੁਵਾਹਾਟੀ ਤੋਂ ਨਗਾਂਵ ਪਹੁੰਚੇ ਪ੍ਰਧਾਨ ਮੰਤਰੀ ਨੇ ਭੂਮੀ ਪੂਜਨ ਰਸਮ ਅਦਾ ਕਰਕੇ ਕੰਮ ਦੀ ਸ਼ੁਰੂਆਤ ਕੀਤੀ।
ਜੰਗਲੀ ਜੀਵਾਂ ਦੀ ਸੁਰੱਖਿਆ ਨੂੰ ਮਿਲੇਗੀ ਮਜ਼ਬੂਤੀ
ਅਧਿਕਾਰੀਆਂ ਮੁਤਾਬਕ ਇਹ ਐਲੀਵੇਟਿਡ ਕੋਰੀਡੋਰ ਕਾਜੀਰੰਗਾ ਨੈਸ਼ਨਲ ਪਾਰਕ ਅਤੇ ਟਾਈਗਰ ਰਿਜ਼ਰਵ ਵਿੱਚ ਜੰਗਲੀ ਜਾਨਵਰਾਂ ਦੀ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ। ਖ਼ਾਸ ਕਰਕੇ ਮਾਨਸੂਨ ਦੇ ਸਮੇਂ ਜਦੋਂ ਜਾਨਵਰ ਸੜਕਾਂ ਪਾਰ ਕਰਦੇ ਹਨ, ਉਸ ਦੌਰਾਨ ਹਾਦਸਿਆਂ ਦੀ ਸੰਭਾਵਨਾ ਘੱਟ ਹੋਵੇਗੀ।
ਨੈਸ਼ਨਲ ਹਾਈਵੇਅ ’ਤੇ ਹਾਦਸਿਆਂ ਵਿੱਚ ਆਵੇਗੀ ਕਮੀ
ਇਹ ਕੋਰੀਡੋਰ ਨੈਸ਼ਨਲ ਹਾਈਵੇਅ–715 ਉੱਤੇ ਬਣਾਇਆ ਜਾਵੇਗਾ, ਜਿਸ ਨਾਲ ਸੜਕ ਹਾਦਸਿਆਂ ਵਿੱਚ ਕਮੀ ਆਉਣ ਦੀ ਉਮੀਦ ਹੈ। ਨਾਲ ਹੀ ਪ੍ਰੋਜੈਕਟ ਰਾਹੀਂ ਖੇਤਰ ਵਿੱਚ ਇਕੋ-ਟੂਰਿਜ਼ਮ ਨੂੰ ਉਤਸ਼ਾਹ ਮਿਲੇਗਾ ਅਤੇ ਸਥਾਨਕ ਲੋਕਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਪ੍ਰੋਜੈਕਟ ਦੀ ਸੰਰਚਨਾ
ਕਾਜੀਰੰਗਾ ਐਲੀਵੇਟਿਡ ਕੋਰੀਡੋਰ ਕਾਲੀਆਬੋਰ–ਨੁਮਾਲੀਗੜ੍ਹ ਨੈਸ਼ਨਲ ਹਾਈਵੇਅ–715 ਦੇ ਫੋਰ-ਲੇਨਿੰਗ ਪ੍ਰੋਜੈਕਟ ਦਾ ਅਹੰਮ ਹਿੱਸਾ ਹੈ। ਇਸ ਵਿੱਚ ਕਰੀਬ 34.45 ਕਿਲੋਮੀਟਰ ਲੰਬਾ ਵਾਈਲਡਲਾਈਫ-ਫ੍ਰੈਂਡਲੀ ਐਲੀਵੇਟਿਡ ਸੜਕ ਹਿੱਸਾ ਸ਼ਾਮਲ ਹੈ। ਜਖਲਾਬੰਧਾ ਅਤੇ ਬੋਕਾਖਾਤ ਵਿੱਚ ਬਾਈਪਾਸ ਵੀ ਤਿਆਰ ਕੀਤੇ ਜਾਣਗੇ।
ਪ੍ਰੋਜੈਕਟ ਮਾਡਲ ਦਾ ਨਿਰੀਖਣ
ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਐਲੀਵੇਟਿਡ ਕੋਰੀਡੋਰ ਦੇ ਵਿਸਥਾਰਕ ਮਾਡਲ ਦਾ ਨਿਰੀਖਣ ਵੀ ਕੀਤਾ ਅਤੇ ਅਧਿਕਾਰੀਆਂ ਤੋਂ ਪ੍ਰੋਜੈਕਟ ਦੀ ਪ੍ਰਗਤੀ ਸਬੰਧੀ ਜਾਣਕਾਰੀ ਲਈ।
ਦੋ ਅੰਮ੍ਰਿਤ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ
ਸੜਕ ਪ੍ਰੋਜੈਕਟ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਵਰਚੁਅਲ ਤੌਰ ’ਤੇ ਦੋ ਅੰਮ੍ਰਿਤ ਭਾਰਤ ਐਕਸਪ੍ਰੈਸ ਟਰੇਨਾਂ ਨੂੰ ਵੀ ਰਵਾਨਾ ਕੀਤਾ। ਇਹ ਟਰੇਨਾਂ ਡਿਬਰੂਗੜ੍ਹ ਤੋਂ ਗੋਮਤੀ ਨਗਰ (ਲਖਨਊ) ਅਤੇ ਕਾਮਾਖਿਆ ਤੋਂ ਰੋਹਤਕ ਰੂਟ ਉੱਤੇ ਚਲਣਗੀਆਂ।
ਰੇਲ ਕਨੈਕਟੀਵਿਟੀ ਨੂੰ ਮਿਲੇਗਾ ਵੱਡਾ ਫਾਇਦਾ
ਨਵੀਆਂ ਟਰੇਨਾਂ ਨਾਲ ਅਸਾਮ ਦੀ ਦੇਸ਼ ਦੇ ਕਈ ਸੂਬਿਆਂ—ਪੱਛਮੀ ਬੰਗਾਲ, ਬਿਹਾਰ, ਉੱਤਰ ਪ੍ਰਦੇਸ਼, ਦਿੱਲੀ ਅਤੇ ਹਰਿਆਣਾ—ਨਾਲ ਰੇਲ ਸੰਪਰਕ ਹੋਰ ਮਜ਼ਬੂਤ ਹੋਵੇਗਾ। ਅਧਿਕਾਰੀਆਂ ਅਨੁਸਾਰ ਯਾਤਰੀਆਂ ਨੂੰ ਆਧੁਨਿਕ ਸੁਵਿਧਾਵਾਂ ਦੇ ਨਾਲ ਯਾਤਰਾ ਸਮਾਂ ਵੀ ਘੱਟ ਹੋਵੇਗਾ।
ਸੋਸ਼ਲ ਮੀਡੀਆ ਰਾਹੀਂ ਦਿੱਤਾ ਸੰਦੇਸ਼
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ ਕਿ ਕਾਜੀਰੰਗਾ ਐਲੀਵੇਟਿਡ ਕੋਰੀਡੋਰ ਮਾਨਸੂਨ ਦੌਰਾਨ ਜੰਗਲੀ ਜੀਵਾਂ ਦੀ ਰੱਖਿਆ ਵਿੱਚ ਅਹੰਮ ਭੂਮਿਕਾ ਨਿਭਾਏਗਾ ਅਤੇ ਉੱਤਰੀ–ਪੂਰਬੀ ਭਾਰਤ ਦੀ ਕਨੈਕਟੀਵਿਟੀ ਨੂੰ ਨਵੀਂ ਦਿਸ਼ਾ ਦੇਵੇਗਾ।

