ਹਿਮਾਚਲ ਪ੍ਰਦੇਸ਼ :- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਮਨੀਮਾਹੇਸ਼ ਤੀਰਥ ਯਾਤਰਾ ਦੌਰਾਨ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ, ਜਿਸ ਵਿੱਚ ਪੰਜਾਬ ਦੇ ਦੋ ਨੌਜਵਾਨਾਂ ਦੀ ਜਾਨ ਚਲੀ ਗਈ। ਇਹ ਹਾਦਸਾ ਗੋਰੀ ਕੁੰਡ ਨੇੜੇ ਵਾਪਰਿਆ, ਜਦੋਂ ਅਚਾਨਕ ਪਹਾੜੀ ਦਾ ਵੱਡਾ ਹਿੱਸਾ ਟੁੱਟ ਕੇ ਯਾਤਰੀਆਂ ਉੱਪਰ ਆ ਡਿੱਗਿਆ। ਮ੍ਰਿਤਕਾਂ ਦੀ ਪਛਾਣ ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਪਿੰਡ ਡੋਲੋਵਾਲ ਦੇ 38 ਸਾਲਾ ਸ਼ਰਵਣ ਸਿੰਘ ਕਾਲੀ ਅਤੇ ਗੁਰਦਾਸਪੁਰ ਦੇ ਦੀਨਾ ਨਗਰ ਦੇ ਇੱਕ ਨੌਜਵਾਨ ਵਜੋਂ ਹੋਈ ਹੈ। ਇਸ ਦੌਰਾਨ ਕੁਝ ਹੋਰ ਸ਼ਰਧਾਲੂਆਂ ਦੇ ਜ਼ਖਮੀ ਹੋਣ ਦੀ ਵੀ ਜਾਣਕਾਰੀ ਹੈ।
ਪਰਿਵਾਰ ਲਈ ਛੱਡ ਗਏ ਗਹਿਰਾ ਸਦਮਾ
ਸ਼ਰਵਣ ਸਿੰਘ ਕਾਲੀ ਆਪਣੇ ਦੋਸਤਾਂ ਨਾਲ ਮਨੀਮਾਹੇਸ਼ ਯਾਤਰਾ ‘ਤੇ ਗਿਆ ਸੀ ਅਤੇ ਵਾਪਸੀ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ। ਦੂਜੇ ਮ੍ਰਿਤਕ ਨੌਜਵਾਨ ਦੀ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾ ਨਗਰ ਨਾਲ ਪਛਾਣ ਹੋਈ ਹੈ। ਜ਼ਖਮੀ ਹੋਏ ਲੋਕ ਵੀ ਮੁੱਖ ਤੌਰ ‘ਤੇ ਪੰਜਾਬ ਨਾਲ ਸਬੰਧਤ ਦੱਸੇ ਜਾ ਰਹੇ ਹਨ।
ਬਾਰਿਸ਼ ਕਾਰਨ ਵੱਧ ਰਿਹਾ ਹੈ ਖ਼ਤਰਾ
ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਬਾਰਿਸ਼ ਕਾਰਨ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਦੀਆਂ ਘਟਨਾਵਾਂ ਵਧ ਰਹੀਆਂ ਹਨ। ਸ਼ਿਮਲਾ ਅਤੇ ਚੰਬਾ ਵਿੱਚ ਬੀਤੇ ਦਿਨੀਂ ਵੀ ਵੱਖ-ਵੱਖ ਹਾਦਸਿਆਂ ਵਿੱਚ ਦੋ ਜਾਨਾਂ ਗੁਆਉਣੀਆਂ ਪਈਆਂ ਸਨ, ਜਿਨ੍ਹਾਂ ਵਿੱਚ ਇੱਕ ਛੋਟੀ ਕੁੜੀ ਅਤੇ ਇੱਕ ਸ਼ਰਧਾਲੂ ਸ਼ਾਮਲ ਸਨ। ਇਸ ਸਥਿਤੀ ਨੂੰ ਦੇਖਦੇ ਹੋਏ ਡੀਸੀ ਚੰਬਾ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਸੀ। ਉਨ੍ਹਾਂ ਸਪਸ਼ਟ ਕੀਤਾ ਕਿ ਚੰਬਾ-ਭਰਮੌਰ ਸੜਕ ‘ਤੇ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਦੀ ਸੰਭਾਵਨਾ ਹੈ, ਇਸ ਲਈ ਯਾਤਰੀਆਂ ਨੂੰ ਯਾਤਰਾ ਤੋਂ ਬਚਣਾ ਚਾਹੀਦਾ ਹੈ।