ਹਿਮਾਚਲ ਪ੍ਰਦੇਸ਼ :- ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੀ ਅਰਕੀ ਸਬ-ਡਿਵਿਜ਼ਨ ਵਿੱਚ ਸੋਮਵਾਰ ਤੜਕੇ ਇੱਕ ਭਿਆਨਕ ਅੱਗ ਦੀ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਪੁਰਾਣੇ ਬੱਸ ਅੱਡੇ ਦੇ ਨੇੜੇ ਸਥਿਤ ਯੂਕੋ ਬੈਂਕ ਸ਼ਾਖਾ ਦੇ ਕੋਲ ਅਚਾਨਕ ਲੱਗੀ ਅੱਗ ਨੇ ਕੁਝ ਹੀ ਮਿੰਟਾਂ ਵਿੱਚ ਦੋ ਲੱਗਦੇ ਇਮਾਰਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਸਿਲੰਡਰ ਫਟਣ ਨਾਲ ਭੜਕਿਆ ਕਹਿਰ
ਸੂਚਨਾ ਅਨੁਸਾਰ ਅੱਗ ਰਾਤ ਕਰੀਬ ਢਾਈ ਤੋਂ ਤਿੰਨ ਵਜੇ ਦੇ ਦਰਮਿਆਨ ਭੜਕੀ। ਇਮਾਰਤਾਂ ਅੰਦਰ ਰੱਖੇ ਐਲਪੀਜੀ ਸਿਲੰਡਰ ਫਟਣ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ, ਜਿਸ ਨਾਲ ਰਿਹਾਇਸ਼ੀ ਪਰਿਵਾਰਾਂ ਨੂੰ ਬਚ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ। ਅੱਗ ਦੀ ਲਪੇਟ ਵਿੱਚ ਆ ਕੇ ਦੋਵੇਂ ਇਮਾਰਤਾਂ ਪੂਰੀ ਤਰ੍ਹਾਂ ਢਹਿ ਗਈਆਂ, ਜਦਕਿ ਆਲੇ-ਦੁਆਲੇ ਦੀ ਮਾਰਕੀਟ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ।
ਮਾਸੂਮ ਦੀ ਲਾਸ਼ ਬਰਾਮਦ, ਬਚਾਅ ਕਾਰਜ ਜਾਰੀ
ਸੋਲਨ ਦੇ ਐੱਸ.ਪੀ. ਗੌਰਵ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਯੂਕੋ ਬੈਂਕ ਦੇ ਅੰਦਰੋਂ ਇੱਕ ਕਰੀਬ 7–8 ਸਾਲ ਦੇ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ 4 ਤੋਂ 5 ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਕਾਰਨ ਰੈਸਕਿਊ ਟੀਮਾਂ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ।
ਕਈ ਥਾਵਾਂ ਤੋਂ ਫਾਇਰ ਬ੍ਰਿਗੇਡ ਟੀਮਾਂ ਤਾਇਨਾਤ
ਅੱਗ ‘ਤੇ ਕਾਬੂ ਪਾਉਣ ਲਈ ਅੰਬੂਜਾ ਸੀਮੈਂਟ ਦਾਰਲਾਘਾਟ, ਬਨਾਲੇਗੀ, ਬੋਇਲਿਊਗੰਜ ਅਤੇ ਸੋਲਨ ਸਮੇਤ ਕਈ ਥਾਵਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਲੰਬੇ ਸਮੇਂ ਦੀ ਮਿਹਨਤ ਮਗਰੋਂ ਸਵੇਰੇ ਕਰੀਬ 7 ਵਜੇ ਅੱਗ ‘ਤੇ ਕਾਬੂ ਪਾਇਆ ਜਾ ਸਕਿਆ।
ਪ੍ਰਸ਼ਾਸਨ ਮੌਕੇ ‘ਤੇ, ਨੁਕਸਾਨ ਦਾ ਅੰਦਾਜ਼ਾ
ਜ਼ਿਲ੍ਹਾ ਡਿਪਟੀ ਕਮਿਸ਼ਨਰ ਮਨਮੋਹਨ ਸ਼ਰਮਾ ਅਤੇ ਅਰਕੀ ਤੋਂ ਵਿਧਾਇਕ ਸੰਜੇ ਆਵਸਥੀ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਰਾਹਤ ਅਤੇ ਬਚਾਅ ਕਾਰਜਾਂ ਦੀ ਸਮੀਖਿਆ ਕੀਤੀ। ਪੁਲਿਸ ਅਤੇ ਆਫ਼ਤ ਪ੍ਰਬੰਧਨ ਟੀਮਾਂ ਮਲਬਾ ਹਟਾ ਕੇ ਜਾਨਾਂ ਬਚਾਉਣ ਦੀ ਕੋਸ਼ਿਸ਼ ਵਿੱਚ ਜੁਟੀਆਂ ਹੋਈਆਂ ਹਨ।
ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਹੈ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਰੈਸਕਿਊ ਕਾਰਜ ਪੂਰੇ ਹੋਣ ਮਗਰੋਂ ਕੀਤੀ ਜਾਵੇਗੀ।

