ਉਤਰਾਖੰਡ :- ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਸਿੱਖਾਂ ਦੇ ਪਵਿੱਤਰ ਤੀਰਥ ਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ 10 ਅਕਤੂਬਰ ਤੋਂ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਜਾਣਗੇ। ਹਿਮਾਲਿਆ ਦੀਆਂ ਉੱਚੀਆਂ ਚੋਟੀਆਂ ’ਤੇ ਹੋ ਰਹੀ ਭਾਰੀ ਬਰਫ਼ਬਾਰੀ ਤੇ ਗਿਰਦੇ ਤਾਪਮਾਨ ਕਾਰਨ ਪ੍ਰਬੰਧਕਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਪੂਰਾ ਖੇਤਰ ਇਸ ਸਮੇਂ ਚਿੱਟੀ ਬਰਫ਼ ਨਾਲ ਢੱਕਿਆ ਹੋਇਆ ਹੈ, ਜਿਸ ਕਰਕੇ ਯਾਤਰਾ ਰਾਹ ਮੁਸ਼ਕਲ ਹੋ ਗਿਆ ਹੈ।
ਇਸ ਸਾਲ 2.7 ਲੱਖ ਤੋਂ ਵੱਧ ਸੰਗਤ ਨੇ ਕੀਤੇ ਦਰਸ਼ਨ
ਹੇਮਕੁੰਟ ਸਾਹਿਬ ਟਰੱਸਟ ਦੇ ਪ੍ਰਧਾਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਇਸ ਸਾਲ ਯਾਤਰਾ ਦੌਰਾਨ ਆਏ ਸ਼ਰਧਾਲੂਆਂ ਦੀ ਗਿਣਤੀ ਨੇ ਸਾਰੇ ਪਿਛਲੇ ਅੰਕੜੇ ਪਿੱਛੇ ਛੱਡ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬਾਵਜੂਦ ਪਹਾੜੀ ਖੇਤਰ ਦੀਆਂ ਚੁਣੌਤੀਆਂ ਦੇ, ਪ੍ਰਬੰਧ ਸੁਚਾਰੂ ਢੰਗ ਨਾਲ ਚੱਲੇ ਅਤੇ ਹੁਣ ਤੱਕ ਲਗਭਗ 2,70,000 ਸੰਗਤਾਂ ਨੇ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ ਹਨ।
ਗੁਰਦੁਆਰੇ ਦੀ ਵਿਸ਼ੇਸ਼ ਸਜਾਵਟ ਤੇ ਅਖੰਡ ਪਾਠ ਦੇ ਭੋਗ ਨਾਲ ਸਮਾਪਤੀ
ਗੋਵਿੰਦ ਘਾਟ ਗੁਰਦੁਆਰੇ ਦੇ ਮੈਨੇਜਰ ਸੇਵਾ ਸਿੰਘ ਵਲੋਂ ਪੁਸ਼ਟੀ
ਗੋਵਿੰਦ ਘਾਟ ਗੁਰਦੁਆਰੇ ਦੇ ਮੈਨੇਜਰ ਸੇਵਾ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਵਾੜ ਬੰਦ ਹੋਣ ਤੋਂ ਪਹਿਲਾਂ ਹੇਮਕੁੰਟ ਸਾਹਿਬ ਗੁਰਦੁਆਰੇ ਨੂੰ ਸੁੰਦਰ ਰੂਪ ਵਿੱਚ ਸਜਾਇਆ ਜਾ ਰਿਹਾ ਹੈ। ਯਾਤਰਾ ਦੀ ਸਮਾਪਤੀ ਲਈ 8 ਅਕਤੂਬਰ ਨੂੰ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਪਾਏ ਜਾਣਗੇ, ਜਿਸ ਤੋਂ ਬਾਅਦ ਇਸ ਸਾਲ ਦੀ ਹੇਮਕੁੰਟ ਯਾਤਰਾ ਅਧਿਕਾਰਕ ਤੌਰ ’ਤੇ ਮੁਕੰਮਲ ਹੋ ਜਾਵੇਗੀ।