ਉੱਤਰਾਖੰਡ :- ਉੱਤਰਾਖੰਡ ਸਰਕਾਰ ਨੇ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਲਈ ਜਾਰੀ ਲਾਲ ਤੇ ਸੰਤਰੀ ਅਲਰਟ ਦੇ ਮੱਦੇਨਜ਼ਰ ਚਾਰ ਧਾਮ ਤੇ ਹੇਮਕੁੰਟ ਸਾਹਿਬ ਯਾਤਰਾ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਹੈ। ਇਹ ਯਾਤਰਾ ਹੁਣ 5 ਸਤੰਬਰ ਤੱਕ ਬੰਦ ਰਹੇਗੀ।
ਸਰਕਾਰ ਹਾਈ ਅਲਰਟ ‘ਤੇ, ਰਾਹਤ ਤੇ ਬਚਾਵੀ ਕੰਮ ਜਾਰੀ
ਗੜ੍ਹਵਾਲ ਕਮਿਸ਼ਨਰ ਤੇ ਮੁੱਖ ਮੰਤਰੀ ਦੇ ਸਕੱਤਰ ਵਿਨੇ ਸ਼ੰਕਰ ਪਾਂਡੇ ਨੇ ਯਾਤਰਾ ਰੋਕਣ ਦੀ ਪੁਸ਼ਟੀ ਕੀਤੀ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਕਈ ਜ਼ਿਲ੍ਹਿਆਂ ‘ਚ ਮੌਸਮੀ ਅਲਰਟ ਜਾਰੀ ਹਨ ਅਤੇ ਅਗਲੇ 24–48 ਘੰਟੇ “ਨਿਰਣਾਇਕ” ਹਨ।
ਪ੍ਰਭਾਵਿਤ ਲੋਕਾਂ ਦੀ ਮਦਦ ਲਈ ਰਾਹਤ ਕੈਂਪ ਸਥਾਪਿਤ
ਧਾਮੀ ਨੇ ਦੱਸਿਆ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ ਅਤੇ ਰਾਹਤ ਕੈਂਪਾਂ ਵਿੱਚ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਨਾਲ ਹੀ ਬੰਦ ਸੜਕਾਂ ਖੋਲ੍ਹਣ ਅਤੇ ਆਵਾਜਾਈ ਮੁੜ ਬਹਾਲ ਕਰਨ ਲਈ ਕੰਮ ਜਾਰੀ ਹੈ।
ਜ਼ਮੀਨੀ ਹਾਲਾਤਾਂ ‘ਤੇ ਨਿਗਰਾਨੀ, ਖ਼ਤਰਨਾਕ ਰਸਤੇ ਫੋਕਸ ‘ਚ
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ 24 ਘੰਟੇ ਡਿਊਟੀ ‘ਤੇ ਰਹਿਣ ਦੇ ਹੁਕਮ ਦਿੱਤੇ ਹਨ। ਖਾਸ ਕਰਕੇ ਭੂ-ਸਖਲਨ ਪ੍ਰਭਾਵਿਤ ਰਸਤੇ ਅਤੇ ਪਾਣੀ ਭਰਨ ਵਾਲੇ ਨੀਵੇਂ ਖੇਤਰ ਨਿਗਰਾਨੀ ਹੇਠ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਮੀਂਹ ਜਾਰੀ ਰਿਹਾ ਤਾਂ ਰਾਜ ਨੂੰ ਹੋਰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।