ਮਹਾਰਾਸ਼ਟਰ :- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਤੋਂ ਇਕ ਦਿਲ ਕੰਬਾਉ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 17 ਸਾਲਾ ਨਾਬਾਲਿਗ ਕੁੜੀ ਨੂੰ ਉਸਦੇ ਹੀ 17 ਸਾਲਾ ਦੋਸਤ ਨੇ ਜਿਉਂਦਾ ਅੱਗ ਲਗਾ ਦਿੱਤੀ। ਘਟਨਾ ਕਪੂਰਬਾਵਾੜੀ ਪੁਲਿਸ ਸਟੇਸ਼ਨ ਦੇ ਅਧੀਨ ਖੇਤਰ ਵਿੱਚ ਵਾਪਰੀ। ਘਰ ਵਿੱਚੋਂ ਅਚਾਨਕ ਧੂੰਆਂ ਨਿਕਲਣ ‘ਤੇ ਗੁਆਂਢੀਆਂ ਨੇ ਪਰਿਵਾਰ ਨੂੰ ਸੂਚਿਤ ਕੀਤਾ।
ਮਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹ ਰੁਕ ਗਿਆ ਦ੍ਰਿਸ਼ ਦੇਖਕੇ
ਜਦੋਂ ਪੀੜਤਾ ਦੀ ਮਾਂ ਘਰ ਅੰਦਰ ਪਹੁੰਚੀ, ਤਾਂ ਉਸਦੀ ਧੀ ਅੱਗ ਦੀਆਂ ਲਪਟਾਂ ਵਿੱਚ ਝੁਲਸ ਰਹੀ ਸੀ। ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਰਿਹਾ ਕਿ ਦੋਸ਼ੀ ਮੁੰਡਾ ਉੱਥੇ ਹੀ ਮੌਕੇ ‘ਤੇ ਬੈਠਾ ਇਸ ਸਾਰੇ ਦ੍ਰਿਸ਼ ਨੂੰ ਦੇਖ ਰਿਹਾ ਸੀ। ਕੁੜੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹ 80 ਫ਼ੀਸਦੀ ਝੁਲਸੀ ਹੋਈ ਦੱਸੀ ਜਾ ਰਹੀ ਹੈ।
ਬਹਿਸ ਤੋਂ ਬਾਅਦ ਸਾੜਨ ਦਾ ਦੋਸ਼, ਨਾਬਾਲਿਗ ਮੁਲਜ਼ਮ ਗਿਰਫ਼ਤਾਰ
ਪੁਲਿਸ ਨੇ ਨਾਬਾਲਿਗ ਮੁੰਡੇ ਨੂੰ ਹਿਰਾਸਤ ‘ਚ ਲੈ ਲਿਆ ਹੈ ਅਤੇ ਜਾਂਚ ਜਾਰੀ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਪਿਛਲੇ ਕੁਝ ਦਿਨਾਂ ਤੋਂ ਤਣਾਅ ਚੱਲ ਰਿਹਾ ਸੀ। ਰਿਪੋਰਟਾਂ ਮੁਤਾਬਕ ਕੁਝ ਦਿਨ ਪਹਿਲਾਂ ਵੀ ਦੋਵਾਂ ਵਿਚ ਬਹਿਸ ਹੋਈ ਸੀ ਅਤੇ ਉਸ ਸਮੇਂ ਵੀ ਮੁਲਜ਼ਮ ਨੇ ਕੁੜੀ ਨਾਲ ਹਿੰਸਕ ਵਰਤਾਓ ਕੀਤਾ ਸੀ।
ਪਹਿਲਾਂ ਵੀ ਦਿੱਤੀ ਸੀ ਜਾਨੋਂ ਮਾਰਨ ਦੀ ਧਮਕੀ
ਪਰਿਵਾਰਕ ਮੈਂਬਰਾਂ ਦੇ ਅਨੁਸਾਰ ਮੁਲਜ਼ਮ ਮੁੰਡਾ ਪਹਿਲਾਂ ਵੀ ਕੁੜੀ ਨੂੰ ਜਾਨੋਂ ਮਾਰਣ ਦੀ ਧਮਕੀ ਦੇ ਚੁੱਕਾ ਸੀ। ਕੁੜੀ ਦੇ ਰਿਸ਼ਤੇਦਾਰਾਂ ਨੇ ਕਈ ਵਾਰ ਮੁੰਡੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਹੱਥੋਂ ਨਿਕਲ ਗਿਆ ਸੀ। 24 ਅਕਤੂਬਰ ਨੂੰ ਘਰ ਵਿੱਚ ਇਕੱਲੀ ਮੌਜੂਦ ਹੋਣ ਦਾ ਫਾਇਦਾ ਚੁੱਕਦੇ ਹੋਏ, ਉਸਨੇ ਕੁੜੀ ਨੂੰ ਬੇਰਹਿਮੀ ਨਾਲ ਅੱਗ ਲਾ ਦਿੱਤੀ।
ਕੁੜੀ ਦੀ ਮੌਤ
ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਾਜ਼ਿਸ਼ ਪਿੱਛੇ ਦਾ ਅਸਲ ਮਨੋਰਥ ਕੁੜੀ ਦੇ ਬਿਆਨ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ। ਪਰ ਅਫਸੋਸ ਹੈ ਕਿ ਕੁੜੀ ਆਪਣਾ ਦੰਮ ਤੋੜ ਚੁੱਕੀ ਹੈ।

