ਚੰਡੀਗੜ੍ਹ :- ਤਿਉਹਾਰਾਂ ਦੀ ਚਹਲਪਹਲ ਨੇ ਬਾਜ਼ਾਰਾਂ ਵਿੱਚ ਚਮਕ ਤਾਂ ਵਧਾ ਦਿੱਤੀ ਹੈ, ਪਰ ਨਾਲ ਹੀ ਖਰੀਦਦਾਰਾਂ ਦੇ ਚਿਹਰਿਆਂ ਤੋਂ ਰੌਣਕ ਗਾਇਬ ਕਰ ਦਿੱਤੀ ਹੈ। ਧਨਤੇਰਸ ਅਤੇ ਦੀਵਾਲੀ ਤੋਂ ਪਹਿਲਾਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਐਨੀ ਤੇਜ਼ੀ ਨਾਲ ਵਧ ਰਹੀਆਂ ਹਨ ਕਿ ਗਹਿਣੇ ਖਰੀਦਣ ਦਾ ਸੁਪਨਾ ਹੁਣ ਹੋਰ ਮਹਿੰਗਾ ਹੋ ਗਿਆ ਹੈ।
ਸੋਨੇ ਨੇ ਛੂਹਿਆ ਮਹੀਨੇ ਦਾ ਸਭ ਤੋਂ ਉੱਚਾ ਪੱਧਰ
ਵੀਰਵਾਰ ਨੂੰ MCX ’ਤੇ ਸੋਨਾ ₹740 ਪ੍ਰਤੀ 10 ਗ੍ਰਾਮ ਵਧ ਕੇ ₹1,27,950 ਤੱਕ ਪਹੁੰਚ ਗਿਆ — ਜੋ ਇਸ ਮਹੀਨੇ ਦਾ ਸਭ ਤੋਂ ਵੱਧ ਦਰਜਾ ਹੈ। ਵਿਸ਼ਵ ਪੱਧਰ ’ਤੇ ਡਾਲਰ ਦੀ ਕਮਜ਼ੋਰੀ, ਮੱਧ-ਪੂਰਬ ਤਣਾਅ ਅਤੇ ਤਿਉਹਾਰੀ ਮੰਗ ਨੇ ਇਸ ਚਮਕਦੇ ਧਾਤੂ ਨੂੰ ਹੋਰ ਵੀ ਮਹਿੰਗਾ ਕਰ ਦਿੱਤਾ ਹੈ।
ਚਾਂਦੀ ਦੀ ਚਮਕ ਵੀ ਹੋਈ ਤੇਜ਼
ਚਾਂਦੀ ਵੀ ਪਿੱਛੇ ਨਹੀਂ ਰਹੀ। ਇਸਦੀ ਕੀਮਤ ₹1,537 ਪ੍ਰਤੀ ਕਿਲੋਗ੍ਰਾਮ ਵਧ ਕੇ ₹1,63,742 ਤੱਕ ਪਹੁੰਚ ਗਈ। ਉਦਯੋਗਿਕ ਮੰਗ ਅਤੇ ਗਲੋਬਲ ਮਾਰਕੀਟਾਂ ਤੋਂ ਮਿਲ ਰਹੇ ਸਕਾਰਾਤਮਕ ਸੰਕੇਤ ਇਸ ਵਾਧੇ ਦਾ ਮੁੱਖ ਕਾਰਨ ਹਨ।
ਮਾਹਿਰਾਂ ਦੀ ਚੇਤਾਵਨੀ: ਅਜੇ ਹੋਰ ਵੀ ਵੱਧ ਸਕਦੀਆਂ ਨੇ ਕੀਮਤਾਂ
ਵਿੱਤੀ ਮਾਹਿਰ ਕਹਿੰਦੇ ਹਨ ਕਿ ਜੇ ਰੁਝਾਨ ਇੰਝ ਹੀ ਜਾਰੀ ਰਿਹਾ, ਤਾਂ ਸੋਨਾ ₹1.30 ਲੱਖ ਪ੍ਰਤੀ 10 ਗ੍ਰਾਮ ਤੇ ਚਾਂਦੀ ₹1.65 ਲੱਖ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਸਕਦੀ ਹੈ। ਹਾਲਾਂਕਿ ਉਨ੍ਹਾਂ ਦੀ ਸਲਾਹ ਹੈ ਕਿ ਨਿਵੇਸ਼ ਕਰਨ ਤੋਂ ਪਹਿਲਾਂ ਸੋਚ-ਵਿਚਾਰ ਜ਼ਰੂਰ ਕਰੋ, ਕਿਉਂਕਿ ਬਾਜ਼ਾਰ ਹਾਲੇ ਵੀ ਉਲਟਫੇਰ ਨਾਲ ਭਰਪੂਰ ਹੈ।